ਬਠਿੰਡਾ: ਕੋਰੋਨਾ ਵਾਇਰਸ ਦੇ ਮੱਦੇਨਜ਼ਰ ਜਾਰੀ ਕਰਫਿਊ ਨੂੰ ਲੈ ਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਜ਼ਿਲ੍ਹੇ ਦੇ ਸੀਨੀਅਰ ਅਧਿਕਾਰੀਆਂ ਨਾਲ ਰੀਵਿਊ ਮੀਟਿੰਗ ਕੀਤੀ ਗਈ। ਇਸ ਮੀਟਿੰਗ 'ਚ ਕਰਫਿਊ ਦੌਰਾਨ ਸ਼ਹਿਰ ਦੇ ਹਲਾਤਾਂ, ਲੋਕਾਂ ਨੂੰ ਲੋੜੀਂਦਾ ਚੀਜ਼ਾਂ ਦੀ ਸਪਲਾਈ ਤੇ ਜ਼ਿਲ੍ਹਾ ਪੱਧਰ 'ਤੇ ਰਾਹਤ ਫੰਡ ਦਿੱਤੇ ਜਾਣ ਉੱਤੇ ਵਿਸ਼ੇਸ਼ ਚਰਚਾ ਕੀਤੀ ਗਈ।
ਇਸ ਬੈਠਕ ਦੌਰਾਨ ਡਿਪਟੀ ਕਮਿਸ਼ਨਰ ਸਣੇ ਪੁਲਿਸ ਅਧਿਕਾਰੀ, ਸਿਹਤ ਵਿਭਾਗ ਅਧਿਕਾਰੀ ਤੇ ਹੋਰਨਾਂ ਕਈ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ।
ਮੀਡੀਆ ਨਾਲ ਗੱਲਬਾਤ ਕਰਦਿਆਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਦੇਸ਼-ਵਿਦੇਸ਼ ਦੇ ਲੋਕ ਬੇਹਦ ਪਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਹੀ ਕਰਫਿਊ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਕਰਫਿਊ ਦੇ ਦੌਰਾਨ ਪੰਜਾਬ ਮੈਡੀਕਲ ਕੌਂਸਲ ਤੋਂ ਮਾਨਤਾ ਪ੍ਰਾਪਤ ਡਾਕਟਰ ਆਪਣੇ ਕਲੀਨਿਕ ਤੇ ਬੈਠ ਕੇ ਜਾਂ ਮਰੀਜ਼ਾਂ ਦੇ ਘਰ ਜਾ ਕੇ ਮੈਡੀਕਲ ਸੁਵਿਧਾਵਾਂ ਦੇ ਸਕਦੇ ਹਨ।
ਇਸ ਤੋਂ ਇਲਾਵਾ ਕਰਫਿਊ ਦੇ ਦੌਰਾਨ ਰੋਜ਼ਾਨਾਂ ਜ਼ਰੂਰਤ ਦੀਆਂ ਚੀਜ਼ਾਂ ਜਿਵੇਂ ਦੁੱਧ, ਰਾਸ਼ਨ, ਸਬਜ਼ੀਆਂ ਤੇ ਫਲ, ਜਾਨਵਰਾਂ ਲਈ ਫੀਡ ਤੇ ਚਾਰਾ ਆਦਿ ਦੀ ਸਪਲਾਈ ਨੂੰ ਯਕੀਨੀ ਬਣਾਇਆ ਜਾਵੇਗਾ। ਇਨ੍ਹਾਂ ਚੀਜ਼ਾਂ ਦੀ ਸਪਲਾਈ ਉੱਤੇ ਕਿਸੇ ਤਰ੍ਹਾਂ ਦੀ ਕੋਈ ਰੋਕ ਨਹੀਂ ਲਗਾਈ ਜਾਵੇਗੀ। ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 5000 ਲੋੜਵੰਦ ਪਰਿਵਾਰਾਂ ਨੂੰ ਤਿੰਨ ਹਫ਼ਤਿਆਂ ਤੱਕ ਲਗਾਤਾਰ ਰਾਸ਼ਨ ਵੰਡੀਆ ਜਾਵੇਗਾ।
ਵਿੱਤ ਮੰਤਰੀ ਨੇ ਦੱਸਿਆ ਕਿ ਅਜੇ ਤੱਕ ਬਠਿੰਡਾ 'ਚ ਕੋਰੋਨਾ ਵਾਇਰਸ ਨਾਲ ਕੋਈ ਪੀੜਤ ਜਾਂ ਸ਼ੱਕੀ ਮਰੀਜ਼ ਦੀ ਪੁਸ਼ਟੀ ਨਹੀਂ ਹੋਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਬਿਮਾਰੀ ਤੋਂ ਬਚਾਅ ਲਈ ਮੁਕੰਮਲ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਕੁਦਰਤੀ ਆਪਦਾ ਤੋਂ ਨਿੱਜਠਣ ਲਈ ਸੂਬਾ ਸਰਕਾਰ ਵੱਲੋਂ ਹਰ ਜ਼ਿਲ੍ਹੇ ਨੂੰ 1-1 ਕਰੋੜ ਰੁਪਏ ਰਾਹਤ ਫੰਡ ਵਜੋਂ ਜਾਰੀ ਕੀਤੇ ਗਏ ਹਨ। ਉਨ੍ਹਾਂ ਜ਼ਿਲ੍ਹਾ ਪੱਧਰ ਉੱਤੇ ਵੀ ਪ੍ਰਸ਼ਾਸਨ ਵੱਲੋਂ ਰਾਹਤ ਫੰਡ ਸਥਾਪਤ ਕਰਨ ਦੀ ਗੱਲ ਆਖੀ ਗਈ। ਇਸ ਫੰਡ 'ਚ ਲੋਕ ਆਪਣੀ ਮਰਜੀ ਮੁਤਾਬਕ ਦਾਨ ਕਰ ਸਕਦੇ ਹਨ।
ਹੋਰ ਪੜ੍ਹੋ :ਚੰਡੀਗੜ੍ਹ: ਕਰਫਿਊ ਦੌਰਾਨ ਬੱਸਾਂ ਰਾਹੀਂ ਲੋਕਾਂ ਨੂੰ ਪਹੁੰਚਾਇਆ ਜਾ ਰਿਹਾ ਜ਼ਰੂਰੀ ਸਮਾਨ
ਵਿੱਤ ਮੰਤਰੀ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਇਸ ਮੁਸ਼ਕਲ ਸਮੇਂ 'ਚ ਸੂਬਾ ਸਰਕਾ ਉਨ੍ਹਾਂ ਦੀ ਹਰ ਸੰਭਵ ਮਦਦ ਕਰੇਗੀ। ਉਨ੍ਹਾਂ ਲੋਕਾਂ ਨੂੰ ਸਿਹਤ ਮਾਹਿਰਾਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਗੱਲ ਮੰਨਦੇ ਹੋਏ ਕਰਫਿਊ ਦੀ ਸਖ਼ਤੀ ਨਾਲ ਪਾਲਣਾ ਕਰਨ ਤੇ ਸੁਰੱਖਿਅਤ ਰਹਿਣ ਦੀ ਅਪੀਲ ਕੀਤੀ।