ਬਠਿੰਡਾ: ਕੋਰੋਨਾ ਮਹਾਂਮਾਰੀ ਕਾਰਨ ਜਾਰੀ ਕਰਫਿਊ ਦੌਰਾਨ ਲੋਕ ਆਪਣੇ ਘਰਾਂ ਵਿੱਚ ਹੀ ਰਹਿਣ ਲਈ ਮਜਬੂਰ ਹਨ। ਮੌਜੂਦਾ ਸਥਿਤੀ ਵਿੱਚ ਲੋਕ ਛੋਟੀ-ਛੋਟੀ ਖ਼ੁਸ਼ੀਆਂ ਆਪਣੇ ਕਰੀਬੀਆਂ ਨਾਲ ਮਨਾਉਣ ਤੋਂ ਵਾਂਝੇ ਹਨ। ਅਜਿਹੇ ਵਿੱਚ ਕਈ ਸਮਾਜ ਸੇਵੀ ਸੰਸਥਾਵਾਂ ਅਤੇ ਪੁਲਿਸ ਪ੍ਰਸ਼ਾਸਨ ਲੋਕਾਂ ਲਈ ਇਹ ਮੌਕੇ ਖ਼ਾਸ ਬਣਾ ਰਹੇ ਹਨ ਅਤੇ ਖੁਸ਼ੀਆਂ ਵੰਡ ਰਹੇ ਹਨ।
ਅਜਿਹਾ ਹੀ ਇੱਕ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ ਜਿੱਥੇ ਸਹਾਰਾ ਜਨ ਸੇਵਾ ਸੰਸਥਾ ਵੱਲੋਂ ਦੋ ਜੁੜਵਾ ਬੱਚਿਆਂ ਦਾ ਜਨਮ ਦਿਨ ਮਨਾਇਆ ਗਿਆ ਅਤੇ ਇਸ ਵਿੱਚ ਮੁੱਖ ਤੌਰ 'ਤੇ ਬਠਿੰਡਾ ਦੇ ਐਸਐਸਪੀ ਡਾ. ਨਾਨਕ ਸਿੰਘ ਨੇ ਸ਼ਿਰਕਤ ਕੀਤੀ ਅਤੇ ਪਰਿਵਾਰ ਨਾਲ ਇਹ ਖੁਸ਼ੀ ਮਨਾਈ।
ਇਸ ਮੌਕੇ ਇਨ੍ਹਾਂ ਬੱਚੀਆਂ ਦੀ ਮਾਂ ਨੇ ਆਪਣੀ ਖੁਸ਼ੀ ਜ਼ਾਹਰ ਕਰਦਿਆਂ ਦੱਸਿਆ ਕਿ ਉਹ ਬੇਹੱਦ ਉਦਾਸ ਮਹਿਸੂਸ ਕਰ ਰਹੇ ਸੀ ਪਰ ਸਹਾਰਾ ਜਨ ਸੇਵਾ ਦੇ ਇਸ ਉਪਰਾਲੇ ਨੇ ਬੱਚੀਆਂ ਦੇ ਜਨਮ ਦਿਨ ਨੂੰ ਜ਼ਿੰਦਗੀ ਭਰ ਲਈ ਖਾਸ ਬਣਾ ਦਿੱਤਾ ਹੈ। ਨਾਲ ਹੀ ਉਨ੍ਹਾਂ ਪੁਲਿਸ ਪ੍ਰਸ਼ਾਸਨ ਦਾ ਵੀ ਦਿਲੋਂ ਧੰਨਵਾਦ ਕੀਤਾ।
ਸਹਾਰਾ ਜਨ ਸੇਵਾ ਦੇ ਪ੍ਰਧਾਨ ਵਿਜੈ ਗੋਇਲ ਨੇ ਦੱਸਿਆ ਕਿ ਲੌਕਡਾਊਨ ਕਾਰਨ ਜਿਨ੍ਹਾਂ ਲੋਕਾਂ ਨੂੰ ਆਪਣੇ ਜਨਮ ਦਿਨ ਮੌਕੇ ਕੇਕ ਨਹੀਂ ਮਿਲ ਰਿਹਾ ਹੈ, ਉਨ੍ਹਾਂ ਦੀ ਸੰਸਥਾ ਨਾਲ ਸੰਪਰਕ ਕਰ ਸਕਦੇ ਹਨ। ਇਸ ਲਈ ਉਨ੍ਹਾਂ ਨੰਬਰ ਵੀ ਜਾਰੀ ਕੀਤਾ ਹੈ।