ਬਠਿੰਡਾ: ਪੰਜਾਬ ਦੀ ਨੌਜਵਾਨੀ ਚੰਗੇ ਭਵਿੱਖ ਦੀ ਤਲਾਸ਼ ਵਿੱਚ ਹੁਣ ਵਿਦੇਸ਼ਾਂ ਦਾ ਰੁਖ ਕਰ ਰਹੀ ਹੈ ਪਰ ਕੁਝ ਸ਼ਾਤਰ ਲੋਕਾਂ ਵੱਲੋਂ ਵਿਦੇਸ਼ ਜਾਣ ਵਾਲੇ ਇਨ੍ਹਾਂ ਪੰਜਾਬੀਆਂ ਨਾਲ ਧੋਖਾਧੜੀ ਵੀ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਦਾ ਮਾਮਲਾ ਬਠਿੰਡਾ ਦੇ ਪਿੰਡ ਬਰਕੰਦੀ ਤੋਂ ਸਾਹਮਣੇ ਆਇਆ ਹੈ ਜਿੱਥੇ ਰਹਿਣ ਵਾਲੀ ਕਮਲਜੀਤ ਕੌਰ ਚੰਗੇ ਭਵਿੱਖ ਦੀ ਤਲਾਸ਼ ਵਿੱਚ ਅਰਬ ਦੇਸ਼ ਓਮਾਨ ਗਈ ਸੀ ਪਰ ਉੱਥੇ ਦੇ ਹਾਲਾਤ ਅਤੇ ਏਜੰਟ ਵੱਲੋਂ ਕੀਤੀ ਗਈ ਧੋਖਾਧੜੀ ਤੋਂ ਬਾਅਦ ਕਮਲਜੀਤ ਕੌਰ ਦੇ ਪਿਤਾ ਨੂੰ ਆਪਣਾ ਘਰ ਗਿਰਵੀ ਰੱਖ ਕੇ ਓਮਾਨ ਤੋਂ ਵਾਪਸ ਲਿਆਂਦਾ ਗਿਆ।
ਚੰਗੇ ਭਵਿੱਖ ਖਾਤਿਰ ਗਈ ਸੀ ਓਮਾਨ: ਗੱਲਬਾਤ ਦੌਰਾਨ ਕਮਲਜੀਤ ਕੌਰ ਨੇ ਦੱਸਿਆ ਕਿ ਉਸ ਵੱਲੋਂ ਬਿਊਟੀਸ਼ੀਅਨ ਦਾ ਕੋਰਸ ਕੀਤਾ ਗਿਆ ਸੀ ਅਤੇ ਉਸ ਦੇ ਪਿੰਡ ਤੋਂ ਹੀ ਓਮਾਨ ਵਿਖੇ ਗਈ ਲੜਕੀ ਵੱਲੋਂ ਚੰਗੇ ਭਵਿੱਖ ਦੇ ਸੁਪਨੇ ਵਿਖਾਇਆ ਗਿਆ ਕਿ ਓਮਾਨ ਵਿਚ ਉਸ ਨੂੰ ਮਹੀਨੇ ਦੇ ਵੀਹ ਪੱਚੀ ਹਜ਼ਾਰ ਰੁਪਏ ਬਣ ਜਾਇਆ ਕਰਨਗੇ ਅਤੇ ਉਸ ਨੂੰ ਘਰ ਦਾ ਹੀ ਕੰਮ ਕਰਨਾ ਪਵੇਗਾ। ਕਮਲਜੀਤ ਕੌਰ ਵੱਲੋਂ ਇਸ ਸਬੰਧੀ ਨੇੜਲੇ ਪਿੰਡ ਦੇ ਹੀ ਵਿਅਕਤੀ ਰਾਹੀਂ ਓਮਾਨ ਜਾਣ ਲਈ ਵੀਜ਼ਾ ਅਪਲਾਈ ਕੀਤਾ ਗਿਆ ਉਸ ਵਿਅਕਤੀ ਵੱਲੋਂ ਕਮਲਜੀਤ ਕੌਰ ਨੂੰ ਅੰਮ੍ਰਿਤਸਰ ਤੋਂ ਮੁੰਬਈ ਅਤੇ ਮੁੰਬਈ ਤੋਂ ਓਮਾਨ ਟੂਰਿਸਟ ਵੀਜ਼ੇ ’ਤੇ ਭੇਜਿਆ ਗਿਆ।
ਜ਼ਬਰਦਸਤੀ ਮੁਸਲਮਾਨਾਂ ਦੇ ਘਰ ਵਿਚ ਕੰਮ ਕਰਨ ਲਈ ਕੀਤਾ ਮਜਬੂਰ: ਕਮਲਜੀਤ ਕੌਰ ਨੇ ਦੱਸਿਆ ਕਿ ਜਦੋਂ ਉਸ ਵੱਲੋਂ ਓਮਾਨ ਪਹੁੰਚ ਕੇ ਵੇਖਿਆ ਤਾਂ ਉਥੇ ਦੇ ਏਜੰਟ ਵੱਲੋਂ ਉਸ ਨੂੰ ਬਾਕੀ ਲੜਕੀਆਂ ਨਾਲ ਇਕ ਕਮਰੇ ਵਿਚ ਬੰਦ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਇੱਥੋਂ ਘਰੇਲੂ ਕੰਮਕਾਰ ਲਈ ਲਿਜਾਇਆ ਗਿਆ ਸੀ ਪਰ ਉੱਥੇ ਉਨ੍ਹਾਂ ਤੋਂ ਜ਼ਬਰਦਸਤੀ ਮੁਸਲਮਾਨਾਂ ਦੇ ਘਰ ਵਿਚ ਕੰਮ ਕਰਨ ਲਈ ਮਜਬੂਰ ਕੀਤਾ ਜਾਂਦਾ ਰਿਹਾ ਪਰ ਉਸ ਵੱਲੋਂ ਅਜਿਹਾ ਨਹੀਂ ਕੀਤਾ ਗਿਆ ਅਤੇ ਆਪਣੇ ਮਾਪਿਆਂ ਨਾਲ ਸੰਪਰਕ ਕਰਕੇ ਉਸ ਨੂੰ ਭਾਰਤ ਵਾਪਸ ਬੁਲਾਉਣ ਲਈ ਕਿਹਾ ਗਿਆ। ਜਿਸ ਤੋਂ ਬਾਅਦ ਉਸ ਦੇ ਮਾਤਾ ਪਿਤਾ ਵੱਲੋਂ ਇਸ ਸਬੰਧੀ ਰਾਜ ਸਭਾ ਮੈਂਬਰ ਹਰਭਜਨ ਸਿੰਘ ਭੱਜੀ ਨੂੰ ਬੇਨਤੀ ਕੀਤੀ ਕਿ ਜਿਨ੍ਹਾਂ ਵੱਲੋਂ ਅੰਬੈਸੀ ਰਾਹੀਂ ਉਨ੍ਹਾਂ ਨਾਲ ਲਗਾਤਾਰ ਸੰਪਰਕ ਕੀਤਾ ਗਿਆ ਤੇ ਉਨ੍ਹਾਂ ਨੂੰ ਭਾਰਤ ਲਿਆਉਣ ਵਿੱਚ ਮਦਦ ਕੀਤੀ।
ਸੀਐੱਮ ਮਾਨ ਤੋਂ ਕੀਤੀ ਰੁਜ਼ਗਾਰ ਦੀ ਮੰਗ: ਕਮਲਜੀਤ ਕੌਰ ਨੇ ਅੱਗੇ ਦੱਸਿਆ ਕਿ ਉਸ ਨੂੰ ਭਾਰਤ ਵਾਪਸ ਲਿਆਉਣ ਲਈ ਉਸਦੇ ਪਿਤਾ ਨੂੰ ਘਰ ਗਿਰਵੀ ਰੱਖਣਾ ਪਿਆ। ਉਸ ਨੂੰ ਮੁਸਲਮਾਨਾਂ ਦਾ ਪਹਿਰਾਵਾ ਅਤੇ ਖਾਣਾ ਖਾਣ ਲਈ ਮਜਬੂਰ ਕੀਤਾ ਜਾਂਦਾ ਰਿਹਾ ਪਰ ਉਸ ਵੱਲੋਂ ਅਜਿਹਾ ਨਹੀਂ ਕੀਤਾ ਗਿਆ ਜਿਸ ਕਾਰਨ ਉਸ ਨੂੰ ਕਾਫ਼ੀ ਮਾਨਸਿਕ ਪੀੜਾ ਵੀ ਦਿੱਤੀ ਜਾਂਦੀ ਰਹੀ ਉਸ ਨੇ ਭਗਵੰਤ ਮਾਨ ਸਰਕਾਰ ਤੋਂ ਮੰਗ ਕੀਤੀ ਹੈ ਕਿ ਨੌਜਵਾਨਾਂ ਦੇ ਰੁਜ਼ਗਾਰ ਦਾ ਭਾਰਤ ਵਿੱਚ ਹੀ ਬੰਦੋਬਸਤ ਕੀਤਾ ਜਾਵੇ ਤਾਂ ਜੋ ਉਨ੍ਹਾਂ ਨੂੰ ਵਿਦੇਸ਼ ਦਾ ਰੁਖ਼ ਨਾ ਕਰਨਾ ਪਵੇ, ਕਿਉਂਕਿ ਵਿਦੇਸ਼ ਵਿੱਚ ਪੰਜਾਬੀਆਂ ਨਾਲ ਧੋਖੇ ਹੋ ਰਹੇ ਹਨ ਅਤੇ ਉਨ੍ਹਾਂ ਨੂੰ ਤਸ਼ੱਦਦ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ।
ਇਹ ਵੀ ਪੜੋ: ਇੱਕ ਲਾਜ ਦੇ ਗਰਾਊਂਡ ਫਲੋਰ ਨੂੰ ਅੱਗ ਲੱਗਣ ਕਾਰਨ 7 ਲੋਕਾਂ ਦੀ ਮੌਤ