ਬਠਿੰਡਾ: 20 ਦਸੰਬਰ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਠਿੰਡਾ ਦੇ ਮਿੰਨੀ ਸੈਕਟਰੀਏਟ ਅੱਗੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ। ਵੱਡੀ ਗਿਣਤੀ ਵਿੱਚ ਇਕੱਠੇ ਹੋਏ ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਭਾਵੇਂ ਤਿੰਨ ਖੇਤੀ ਕਾਨੂੰਨ ਰੱਦ ਕਰ ਦਿੱਤੇ ਹਨ, ਪਰ ਪੰਜਾਬ ਸਰਕਾਰ ਨੇ ਕਿਸਾਨਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਨਹੀਂ ਕੀਤੀਆਂ, ਇਸ ਕਰਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ 20 ਦਸੰਬਰ ਤੋਂ ਲਗਾਤਾਰ ਮਿੰਨੀ ਸੈਕਟਰੀਏਟ ਦਾ ਘਿਰਾਓ ਕੀਤਾ ਜਾ ਰਿਹਾ ਹੈ।
ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ। ਉਹਨਾਂ ਨੇ ਕਿਹਾ ਕਿ ਸਰਕਾਰ ਹਰ ਵਾਰ ਕਿਸਾਨਾਂ ਨਾਲ ਮੀਟਿੰਗ ਕਰਨ ਦਾ ਵਾਅਦਾ ਕਰਕੇ ਮੁਕਰ ਜਾਂਦੀ ਹੈ।
ਉਹਨਾਂ ਨੇ ਕਿਹਾ ਕਿ ਸਰਕਾਰ ਨੇ ਸਿਰਫ਼ ਪਰਾਲੀ ਨਾਲ ਸੰਬੰਧਿਤ 29 ਕੇਸ ਰੱਦ ਕੀਤੇ ਹਨ, ਇਸ ਤੋਂ ਇਲਾਵਾ ਸਰਕਾਰ ਕੋਈ ਵੀ ਸਾਡੀ ਮੰਗ ਨਹੀਂ ਮੰਨ ਰਹੀ, ਜਿਸ ਕਾਰਨ ਸਾਡਾ ਮੋਰਚਾ ਲੱਗ ਰਿਹਾ ਹੈ।
ਬਸੰਤ ਸਿੰਘ ਕੋਠਾਗੁਰੂ ਜ਼ਿਲ੍ਹਾ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਕਿਹਾ ਕਿ ਸਰਕਾਰ ਸਿਰਫ਼ ਸਮਾਂ ਬਤੀਤ ਕਰ ਰਹੀ ਹੈ, ਤਾਂ ਕਿ ਸਾਰਾ ਕੁੱਝ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਰੁਲ਼ ਜਾਵੇ।
ਉਹਨਾਂ ਨੇ ਕਿਹਾ ਕਿ ਅਸੀਂ ਇਸ ਤਰ੍ਹਾਂ ਨਹੀਂ ਹੋਣ ਦੇਵਾਂਗੇ, ਜਦੋਂ ਤੱਕ ਪੰਜਾਬ ਸਰਕਾਰ ਉਨ੍ਹਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਨਹੀਂ ਕਰਦੀ ਉਹ ਇਸੇ ਤਰ੍ਹਾਂ ਸੈਕਟਰੀਏਟ ਦਾ ਘਿਰਾਓ ਕਰ ਕੇ ਰੱਖਣਗੇ ਅਤੇ ਪੰਜਾਬ ਸਰਕਾਰ ਦਾ ਵਿਰੋਧ ਕਰਦੇ ਰਹਿਣਗੇ।
ਇਹ ਵੀ ਪੜ੍ਹੋ:ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵੱਲੋਂ ਨਵਜੋਤ ਸਿੱਧੂ ਦੀ ਕੋਠੀ ਬਾਹਰ ਰੋਸ ਪ੍ਰਦਰਸ਼ਨ