ਬਠਿੰਡਾ : ਸ਼ਹਿਰ ਦੇ ਹਸਪਤਾਲ ਵਿੱਚ ਜਿਥੇ ਬੁਨਿਆਦੀ ਸਹੂਲਤਾਂ ਦੀ ਕਮੀ ਦੇ ਚਲਦੇ ਮਰੀਜਾਂ ਸਮੇਤ ਉਨ੍ਹਾਂ ਦੀ ਦੇਖਭਾਲ ਕਰਨ ਵਾਲੇ ਲੋਕ ਬੇਹਦ ਪਰੇਸ਼ਾਨ ਹਨ। ਉੱਥੇ ਹੀ ਹਸਪਤਾਲ ਦੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਜਿੱਥੇ ਸੂਬੇ ਵਿੱਚ ਲੋਕ ਵੱਧ ਗਰਮੀ ਪੈਣ ਕਾਰਨ ਪਰੇਸ਼ਾਨ ਹਨ ਉਥੇ ਹੀ ਦੂਜੇ ਪਾਸੇ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਐਮਰਜੈਂਸੀ ਵਾਰਡ ਸਮੇਤ ਪੂਰੇ ਹਸਪਤਾਲ ਵਿੱਚ ਬੁਨਿਆਦੀ ਸਹੂਲਤਾਂ ਨਾ ਦੇ ਬਰਾਬਰ ਹਨ। ਭਰੀ ਗਰਮੀ ਵਿੱਚ ਵੀ ਮਰੀਜ਼ਾਂ ਸਮੇਤ ਉਨ੍ਹਾਂ ਦੀ ਦੇਖਭਾਲ ਲਈ ਆਏ ਪਰਿਵਾਰਕ ਮੈਂਬਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਰੀਜ਼ਾਂ ਨੇ ਦੱਸਿਆ ਕਿ ਹਸਪਤਾਲ ਦੇ ਅੰਦਰ ਬਿਜਲੀ ਦੀ ਤਾਰਾਂ ਅਤੇ ਬੋਰਡ ਖੁੱਲ੍ਹੇ ਪਏ ਹਨ ਜੋ ਕਿ ਕਿਸੇ ਵੇਲੇ ਵੀ ਹਾਦਸੇ ਦਾ ਕਾਰਨ ਬਣ ਸਕਦੇ ਹਨ।
ਇਸ ਤੋਂ ਇਲਾਵਾ ਮਰੀਜ਼ਾਂ ਲਈ ਲਗਾਏ ਗਏ ਕੂਲਰ ਖ਼ਰਾਬ ਹਨ ਜਿਸ ਕਾਰਨ ਗਰਮੀ ਵਿੱਚ ਮਰੀਜ਼ ਹੋਰ ਪਰੇਸ਼ਾਨ ਹੁੰਦੇ ਹਨ। ਇਥੇ ਤੱਕ ਕੀ ਹਸਪਤਾਲ ਵਿੱਚ ਪੀਣ ਦੇ ਪਾਣੀ ਦਾ ਵੀ ਕੋਈ ਪ੍ਰਬੰਧ ਨਹੀਂ ਹੈ। ਇਸ ਬਾਰੇ ਜਦੋਂ ਸਿਵਲ ਹਸਪਤਾਲ ਦੇ ਮੈਡੀਕਲ ਅਫ਼ਸਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਉਨ੍ਹਾਂ ਕੋਲ ਕੋਈ ਸ਼ਿਕਾਇਤ ਨਹੀਂ ਕੀਤੀ ਗਈ। ਜਿਵੇਂ ਹੀ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਉਸ ਵੇਲੇ ਹੀ ਉਨ੍ਹਾਂ ਵੱਲੋਂ ਹਸਪਤਾਲ ਵਿੱਚ ਸਾਰੇ ਪ੍ਰਬੰਧ ਮੁਕਮਲ ਕਰਨ ਲਈ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।