ਬਠਿੰਡਾ: ਨਰਮੇ ਦੀ ਫ਼ਸਲ ਮੰਡੀਆਂ ਵਿੱਚ ਪਹੁੰਚ ਚੁੱਕੀ ਹੈ ਪਰ ਹਾਲੇ ਤੱਕ ਸਰਕਾਰੀ ਖ਼ਰੀਦ ਸ਼ੁਰੂ ਨਾ ਹੋਣ ਕਾਰਨ ਕਿਸਾਨਾਂ ਦਾ ਗੁੱਸਾ ਸਰਕਾਰਾਂ ਖਿਲਾਫ ਸਿਖਰਾਂ 'ਤੇ ਹੈ। ਇਸੇ ਮੁੱਦੇ ਨੂੰ ਲੈ ਕੇ ਅੱਜ ਬਠਿੰਡਾ ਦੀ ਅਨਾਜ ਮੰਡੀ ਵਿੱਚ ਆਮ ਆਦਮੀ ਪਾਰਟੀ ਦੀ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਕਿਸਾਨਾਂ ਦਾ ਹਾਲ ਜਾਨਣ ਦੇ ਲਈ ਪਹੁੰਚੀ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਨਰਮਾ ਮੰਡੀਆਂ ਵਿੱਚ ਆ ਚੁੱਕਿਆ ਹੈ ਪਰ ਸਰਕਾਰ ਵੱਲੋਂ ਅਜੇ ਤੱਕ ਨਰਮੇ ਦੀ ਖਰੀਦ ਸ਼ੁਰੂ ਨਹੀਂ ਕੀਤੀ ਗਈ ਹੈ ਅਤੇ ਕਿਸਾਨ ਆਪਣੀ ਸੋਨੇ ਵਰਗੀ ਫਸਲ ਨੂੰ ਐੱਮ ਐੱਸ ਪੀ ਦੇ 5710 ਰੁਪਏ ਪ੍ਰਤੀ ਕੁਇੰਟਲ ਤੋਂ ਘੱਟ ਸਿਰਫ 4700 - 4800 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵੇਚਣ 'ਤੇ ਮਜਬੂਰ ਹੈ।
ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਅੱਜ ਰਾਹੁਲ ਗਾਂਧੀ ਪੰਜਾਬ ਦੇ ਦੌਰੇ 'ਤੇ ਹਨ ਜੋ ਆਪਣਾ ਸ਼ਕਤੀ ਪ੍ਰਦਰਸ਼ਨ ਕਰ ਰਹੇ ਹਨ ਅਤੇ ਖੁਦ ਨੂੰ ਕਿਸਾਨਾਂ ਦਾ ਹਿਮਾਇਤੀ ਦੱਸ ਰਹੇ ਹਨ। ਜੇ ਉਹ ਕਿਸਾਨਾਂ ਦੇ ਹਮਾਇਤੀ ਹਨ ਤਾਂ ਮਾਰਕਫੈੱਡ ਵੱਲੋਂ ਨਰਮੇ ਦੀ ਐਮਐਸਪੀ ਭਾਅ ਮੁਤਾਬਕ ਖ਼ਰੀਦ ਸ਼ੁਰੂ ਕਰਵਾਉਣ। ਉਨ੍ਹਾਂ ਕਿਹਾ ਕਿ ਅਕਾਲੀ ਦਲ ਪਾਰਟੀ ਜੋ ਖ਼ੁਦ ਨੂੰ ਕਿਸਾਨਾਂ ਦੀ ਪਾਰਟੀ ਦੱਸਦੀ ਹੈ। ਅੱਜ ਰੈਲੀਆਂ ਕਰ ਰਹੀ ਹੈ ਜ਼ਰੂਰਤ ਹੈ ਕੀ ਅਕਾਲੀ ਦਲ ਪਾਰਟੀ ਕਿਸਾਨਾਂ ਦੀ ਹੋ ਰਹੀ ਇਸ ਲੁੱਟ ਨੂੰ ਬਚਾਉਣ ਲਈ ਅੱਗੇ ਆਉਣ। ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਉਹ ਲਗਾਤਾਰ ਸੀਸੀਆਈ ਨੂੰ ਮੰਗ ਪੱਤਰ ਵੀ ਦੇ ਰਹੇ ਹਨ ਅਤੇ ਕਿਸਾਨਾਂ ਦੇ ਨਾਲ ਅੱਜ ਵੀ ਹਾਲ ਜਾਨਣ ਦੇ ਲਈ ਪਹੁੰਚੇ ਹਨ।
ਉੱਥੇ ਹੀ ਦੂਜੇ ਪਾਸੇ ਮੰਡੀਆਂ ਵਿੱਚ ਨਰਮੇ ਦੀ ਫਸਲ ਲੈ ਕੇ ਆਏ ਕਿਸਾਨ ਸਿਆਸੀ ਪਾਰਟੀਆਂ ਤੋਂ ਕਾਫੀ ਨਾਰਾਜ਼ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਆਪਣੀ ਨਰਮੇ ਦੀ ਫਸਲ ਐਮਐਸਪੀ ਭਾਅ ਤੋਂ ਘੱਟ ਵੇਚਣ 'ਤੇ ਮਜਬੂਰ ਹਨ ਅਤੇ ਨਾ ਹੀ ਮੰਡੀਆਂ ਵਿੱਚ ਕਿਸੇ ਪ੍ਰਕਾਰ ਦੀ ਕਿਸਾਨਾਂ ਲਈ ਕੋਈ ਸੁਵਿਧਾ ਰੱਖੀ ਗਈ ਹੈ।