ਅੰਮ੍ਰਿਤਸਰ: ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ 'ਤੇ ਵੱਖ ਵੱਖ ਰਾਜਨੀਤਿਕ ਪਾਰਟੀਆਂ ਨਾਲ ਜੁੜੇ ਲੀਡਰਾਂ ਵਲੋਂ ਟਿਕਟ ਲਈ ਆਪੋ ਆਪਣੀ ਦਾਅਵੇਦਾਰੀ ਠੋਕੀ ਜਾਂਦੀ ਰਹੀ ਹੈ, ਪਰ ਵਿਧਾਨ ਸਭਾ ਚੋਣਾਂ ਦਾ ਐਲਾਨ ਹੋਣ ਉਪਰੰਤ ਜਿੱਥੇ ਰਾਜਨੀਤਿਕ ਪਾਰਟੀਆਂ ਵਲੋਂ ਆਪਣੇ ਉਮੀਦਵਾਰਾਂ ਦੀਆਂ ਸੂਚੀਆਂ ਜਾਰੀ ਕੀਤੀਆਂ ਜਾ ਰਹੀਆਂ ਹਨ।
ਉੱਥੇ ਹੀ ਦੂਸਰੇ ਧੜੇ ਦੇ ਉਮੀਦਵਾਰ ਨੂੰ ਟਿਕਟ ਮਿਲਣ 'ਤੇ ਕਈ ਸੀਟਾਂ ਤੇ ਪਾਰਟੀਆਂ ਵਿੱਚ ਕੰਮ ਕਰ ਰਹੇ ਦਾਅਵੇਦਾਰਾਂ ਵਲੋਂ ਜਾਂ ਤਾਂ ਪਾਰਟੀ ਨੂੰ ਅਲਵਿਦਾ ਕਹਿ ਕਿਸੇ ਹੋਰ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਜਾ ਰਹੀ ਹੈ, ਕਿਤੇ ਪਾਰਟੀ ਦੇ ਹੁਕਮ ਨੂੰ ਫਿਲਹਾਲ ਸਮਰਥਨ ਦਿੱਤਾ ਗਿਆ।
ਹਾਲਾਂਕਿ ਬਹੁਤੇ ਹਲਕਿਆਂ ਵਿੱਚ ਉਮੀਦਵਾਰਾਂ ਵਲੋਂ ਪਾਰਟੀਆਂ ਬਦਲਣ ਦਾ ਦੌਰ ਜਾਰੀ ਹੈ। ਫਿਲਹਾਲ ਗੱਲ ਜੇਕਰ ਵਿਧਾਨ ਸਭਾ ਹਲਕਾ ਬਾਬਾ ਬਕਾਲਾ ਸਾਹਿਬ ਦੀ ਕੀਤੀ ਜਾਵੇ ਤਾਂ ਇੱਥੇ ਅੱਜ ਸ਼੍ਰੋਮਣੀ ਅਕਾਲੀ ਦਲ ਵਲੋਂ ਆਪਣਾ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਗਿਆ ਹੈ।
2012 ਵਿੱਚ ਜੰਡਿਆਲਾ ਤੋਂ ਵੱਡੀ ਲੀਡ ਨਾਲ ਜਲਾਲਉਸਮਾ ਚੁਣੇ ਗਏ ਸਨ ਵਿਧਾਇਕ
ਸ਼੍ਰੋਮਣੀ ਅਕਾਲੀ ਦਲ ਦੀ ਟਿਕਟ 'ਤੇ 2012 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਜੰਡਿਆਲਾ ਤੋਂ ਚੋਣ ਲੜਨ ਮੌਕੇ ਜਿੱਥੇ ਬਲਜੀਤ ਸਿੰਘ ਜਲਾਲਉਸਮਾ ਦਾ ਮੁਕਾਬਲਾ ਮੁੱਖ ਤੌਰ 'ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਨਾਲ ਰਿਹਾ ਸੀ। ਉਸ ਸਮੇਂ ਜਿਥੇ ਜਲਾਲਉਸਮਾ 57,611 ਵੋਟ ਲੈ ਕੇ ਜੇਤੂ ਰਹੇ ਸਨ, ਜਦਕਿ ਕਾਂਗਰਸ ਦੇ ਉਮੀਦਵਾਰ ਰਹੇ ਸਰਦੂਲ ਸਿੰਘ ਬੰਡਾਲਾ ਨੂੰ 50321 ਵੋਟ ਮਿਲੇ ਸਨ।
2017 ਦੌਰਾਨ ਬਾਬਾ ਬਕਾਲਾ ਸਾਹਿਬ ਵਿੱਚ ਕੀ ਰਹੀ ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ
2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਲਕੀਤ ਸਿੰਘ ਏ.ਆਰ ਨੂੰ ਹਾਰ ਮਿਲੀ ਸੀ ਅਤੇ ਉਹ ਤੀਸਰੇ ਸਥਾਨ 'ਤੇ ਰਹੇ ਸਨ, ਜਦਕਿ ਕਾਂਗਰਸ ਦੇ ਉਮੀਦਵਾਰ ਸੰਤੋਖ ਸਿੰਘ ਭਲਾਈਪੁਰ 45965 ਵੋਟ ਲੈ ਕੇ 6587 ਵੋਟਾਂ ਦੇ ਵਾਧੇ ਨਾਲ ਜੇਤੂ ਰਹੇ ਸਨ ਅਤੇ ਤੀਸਰੇ ਸਥਾਨ 'ਤੇ ਰਹੇ। ਆਪ ਉਮੀਦਵਾਰ ਦਲਬੀਰ ਸਿੰਘ ਟੌਂਗ ਨੂੰ 39,378 ਵੋਟ ਮਿਲੇ ਸਨ।
ਬਾਬਾ ਬਕਾਲਾ ਸਾਹਿਬ ਹਲਕੇ ਦਾ ਕੀ ਹੈ ਮਾਹੌਲ
ਵਿਧਾਨ ਸਭਾ ਹਲਕਾ ਬਾਬਾ ਬਕਾਲਾ ਸਾਹਿਬ ਵਿੱਚ ਸ਼੍ਰੋਮਣੀ ਅਕਾਲੀ ਦਲ ਵਲੋਂ ਸਾਬਕਾ ਵਿਧਾਇਕ ਅਤੇ ਮੈਂਬਰ ਐਸਜੀਪੀਸੀ ਬਲਜੀਤ ਸਿੰਘ ਜਲਾਲਉਸਮਾ ਨੂੰ ਆਪਣੇ ਉਮੀਦਵਾਰ ਵਜੋਂ ਉਤਾਰਿਆ ਗਿਆ ਹੈ। ਹਲਾਂਕਿ ਹਲਕਾ ਬਾਬਾ ਬਕਾਲਾ ਸਾਹਿਬ ਵਿੱਚ ਕਾਂਗਰਸ ਵਲੋਂ ਮੌਜੂਦਾ ਵਿਧਾਇਕ ਰਹੇ ਸੰਤੋਖ ਸਿੰਘ ਭਲਾਈਪੁਰ ਨੂੰ ਉਮੀਦਵਾਰ ਐਲਾਨਿਆ ਗਿਆ ਹੈ, ਆਮ ਆਦਮੀ ਪਾਰਟੀ ਵਲੋਂ 2017 ਵਿੱਚ ਪਾਰਟੀ ਦੀ ਟਿਕਟ 'ਤੇ ਚੋਣ ਲੜਨ ਵਾਲੇ ਦਲਬੀਰ ਸਿੰਘ ਟੌਂਗ ਤੇ ਮੁੜ ਭਰੋਸਾ ਪ੍ਰਗਟਾਇਆ ਗਿਆ ਹੈ ਅਤੇ ਨਵੀਂ ਪਾਰਟੀ ਬਣ ਉਭਰੇ ਸੰਯੁਕਤ ਸਮਾਜ ਮੋਰਚਾ ਵਲੋਂ ਬੀਬੀ ਗੁਰਨਾਮ ਕੌਰ ਚੀਮਾ ਨੂੰ ਆਪਣਾ ਉਮੀਦਵਾਰ ਅੇਲਾਨਿਆ ਗਿਆ ਹੈ।
ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ
ਹਲਕਾ ਬਾਬਾ ਬਕਾਲਾ ਸਾਹਿਬ ਵਿੱਚ ਪ੍ਰਮੁੱਖ ਸਿਆਸੀ ਪਾਰਟੀਆਂ ਵਲੋਂ ਜਿੱਥੇ ਉਮੀਦਵਾਰ ਐਲਾਨਣ ਵਿੱਚ ਆਪ ਪਹਿਲੇ ਕਾਂਗਰਸ ਦੂਜੇ ਅਤੇ ਸ਼੍ਰੋਮਣੀ ਅਕਾਲੀ ਦਲ ਤੀਸਰੇ ਸਥਾਨ 'ਤੇ ਰਹੀ ਹੈ। ਜਿਸ ਕਾਰਣ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਵਰਕਰ ਅਤੇ ਆਗੂ ਵੀ ਲੰਬਾ ਸਮਾਂ ਇਸ ਕਸ਼ਮਕਸ਼ ਵਿੱਚ ਸਨ ਕਿ ਪਾਰਟੀ ਕਿਸ ਤਰਫ਼ ਰੁੱਖ ਕਰਦੀ ਹੈ। ਇਸ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਦੇ ਦੋ ਪ੍ਰਮੁੱਖ ਦਾਅਵੇਦਾਰ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਅਤੇ ਸਾਬਕਾ ਵਿਧਾਇਕ ਬਲਜੀਤ ਸਿੰਘ ਜਲਾਲਉਸਮਾ ਰਹੇ ਹਨ।
ਅੱਜ ਪਾਰਟੀ ਵਲੋਂ ਸਾਬਕਾ ਵਿਧਾਇਕ ਬਲਜੀਤ ਸਿੰਘ ਜਲਾਲਉਸਮਾ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਉਮੀਦਵਾਰ ਬਲਜੀਤ ਸਿੰਘ ਜਲਾਲਉਮਸਾ ਸਾਲ 2012 ਵਿੱਚ ਹਲਕਾ ਜੰਡਿਆਲਾ ਗੁਰੂ ਤੋਂ ਵਿਧਾਇਕ ਰਹਿ ਚੁੱਕੇ ਹਨ ਅਤੇ ਇਸ ਦੇ ਨਾਲ ਉਹ ਐਸਜੀਪੀਸੀ ਮੈਂਬਰ ਵੀ ਹਨ।
ਫਿਲਹਾਲ ਹਲਕਾ ਬਾਬਾ ਬਕਾਲਾ ਸਾਹਿਬ ਦੀ ਸੀਟ ਤੋਂ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਵਲੋਂ ਆਪਣੇ ਉਮੀਦਵਾਰ ਐਲਾਨੇ ਜਾ ਚੁੱਕੇ ਹਨ ਪਰ ਦੇਖਣਾ ਹੋਵੇਗਾ ਕਿ 20 ਫ਼ਰਵਰੀ ਦੀ ਚੋਣਾਂ ਉਪਰੰਤ 10 ਮਾਰਚ ਨੂੰ ਹੋਣ ਵਾਲੇ ਨਤੀਜਿਆਂ ਵਿੱਚ ਲੋਕ ਕਿਹੜੇ ਉਮੀਦਵਾਰ ਨੂੰ ਆਪਣੇ ਵਿਧਾਇਕ ਵਜੋਂ ਦੇਖਦੇ ਹਨ।
ਇਹ ਵੀ ਪੜ੍ਹੋ: ਕੈਪਟਨ ਨੇ ਆਪਣੀ ਪਾਰਟੀ ਦੇ 22 ਉਮੀਦਵਾਰਾਂ ਦਾ ਕੀਤਾ ਐਲਾਨ