ਬਠਿੰਡਾ : ਆਨਲਾਈਨ ਕੰਪਨੀਆਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਮੂਰਤੀਆਂ ਵੇਚਣ ਨੂੰ ਲੈ ਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਐਸਜੀਪੀਸੀ ਨੂੰ ਇਸ ਮਾਮਲੇ 'ਤੇ ਸਖ਼ਤ ਕਾਰਵਾਈ ਕੀਤੇ ਜਾਣ ਦੇ ਹੁਕਮ ਦਿੱਤੇ ਹਨ।
ਇਸ ਮਾਮਲੇ ਉੱਤੇ ਗੱਲਬਾਤ ਕਰਦਿਆਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਸਿੱਖ ਕੌਮ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਮੂਰਤੀਆਂ ਤਿਆਰ ਕਰਕੇ ਵੇਚਣਾ ਸਰਾਸਰ ਗ਼ਲਤ ਹੈ। ਇੰਝ ਮੂਰਤੀਆਂ ਤਿਆਰ ਕਰਕੇ ਵੇਚਣਾ ਸਿੱਖ ਸਿਧਾਂਤਾ ਦੇ ਵਿਰੁੱਧ ਹੈ। ਇਹ ਆਨਲਾਈਨ ਕੰਪਨੀਆਂ ਅਜਿਹਾ ਕਰਕੇ ਸਿੱਖ ਧਰਮ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਹੀਆਂ ਹਨ। ਉਨ੍ਹਾਂ ਦੀ ਇਸ ਕਾਰਗੁਜ਼ਾਰੀ ਨਾਲ ਇਹ ਪਤਾ ਲਗਦਾ ਹੈ ਕਿ ਇਹ ਕੰਪਨੀਆਂ ਸਿੱਖ ਕੌਮ ਨੂੰ ਨਿਸ਼ਾਨਾ ਬਣਾ ਰਹੀਆਂ ਹਨ ਇਸ ਨਾਲ ਸੰਗਤ ਦੀਆਂ ਭਾਵਨਾਵਾਂ ਆਹਤ ਹੋ ਸਕਦੀਆਂ ਹਨ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਨੂੰ ਹਦਾਇਤ ਦਿੱਤੀ ਗਈ ਹੈ ਕਿ ਇਨ੍ਹਾਂ ਆਨਲਾਈਨਲ ਕੰਪਨੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਕੋਈ ਵੀ ਮੁੜ ਅਜਿਹਾ ਨਾ ਕਰ ਸਕੇ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਅਜਿਹੇ ਕਈ ਮਾਮਲੇ ਆ ਚੁੱਕੇ ਹਨ। ਜਿਸ ਵਿੱਚ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਤਸਵੀਰ ਲਗਾ ਕੇ ਕਪੜੇ ਅਤੇ ਟਾਈਲੇਟ ਸੀਟ ਦੇ ਕਵਰ ਵੇਚੇ ਗਏ ਸਨ।