ਬਿਆਸ : ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੇੜੇ ਆਉਂਦੇ ਹੀ ਵੱਖ-ਵੱਖ ਸਿਆਸੀ ਪਾਰਟੀਆਂ ਵਲੋਂ ਹੁਣ ਵੋਟ ਬੈਂਕ ਨੂੰ ਹੋਰ ਮਜਬੂਤ ਕਰਨ ਅਤੇ ਲੋਕ ਰਾਬਤੇ ਨੂੰ ਵਧਾਉਣ ਦੀ ਕਵਾਇਦ ਜਾਰੀ ਹੈ, ਇਸੇ ਤਰ੍ਹਾਂ ਵਿਸ਼ਵ ਪ੍ਰਸਿੱਧ ਅਤੇ ਪੰਜਾਬ ਦੇ ਧਾਰਮਿਕ ਡੇਰਿਆਂ ਵਿੱਚੋਂ ਇੱਕ ਗਿਣੇ ਜਾਂਦੇ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਵਿੱਚ ਸਿਆਸੀ ਨੇਤਾਵਾਂ ਦਾ ਅਕਸਰ ਆਉਣਾ ਜਾਣਾ ਲੱਗਾ ਰਹਿੰਦਾ ਹੈ।
ਡੇਰਾ ਰਾਧਾ ਸੁਆਮੀ ਬਿਆਸ ਵਿਖੇ ਸਵੇਰੇ 9.30 ਵਜੇ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਆਪਣੇ ਹੋਰਨਾਂ ਸਾਥੀਆਂ ਸਣੇ ਗੱਡੀਆਂ ਦੇ ਕਾਫਿਲੇ ਦੇ ਰੂਪ ਵਿੱਚ ਜਾਂਦੇ ਹੋਏ ਦਿਖਾਈ ਦਿੱਤੇ। ਜਾਣਕਾਰੀ ਲਈ ਦੱਸ ਦੇਈਏ ਕਿ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਕਰੀਬ 2 ਘੰਟੇ ਤੱਕ ਡੇਰਾ ਬਿਆਸ ਵਿੱਚ ਆਪਣੇ ਸਾਥੀਆਂ ਸਣੇ ਮੌਜੂਦ ਰਹੇ ਅਤੇ ਉਸ ਉਪਰੰਤ ਬਾਹਰ ਨਿਕਲਣ ਮੌਕੇ ਉਨ੍ਹਾਂ ਦੀਆਂ ਗੱਡੀਆਂ ਦਾ ਕਾਫਿਲਾ ਜਲੰਧਰ ਦੀ ਤਰਫ ਰਵਾਨਾ ਹੋ ਗਿਆ।
ਜਿਕਰਯੋਗ ਹੈ ਕਿ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਕਿਸੇ ਵੀ ਸਿਆਸੀ ਪਾਰਟੀ ਦਾ ਸਿੱਧੇ ਜਾਂ ਅਸਿੱਧੇ ਤੌਰ 'ਤੇ ਸਮਰਥਨ ਨਹੀਂ ਕਰਦਾ ਹੈ ਅਤੇ ਅਕਸਰ ਸਿਆਸੀ ਪਾਰਟੀਆਂ ਦੇ ਆਲਾ ਨੇਤਾ ਡੇਰਾ ਬਿਆਸ ਵਿੱਚ ਆਸ਼ਰੀਵਾਦ ਲੈਣ ਆਉਂਦੇ ਦਿਖਾਈ ਦਿੰਦੇ ਰਹਿੰਦੇ ਹਨ।
ਇਹ ਵੀ ਪੜ੍ਹੋ:ਚੋਣਾਂ ਦੌਰਾਨ ਪੰਜਾਬ ਦੀ ਰਾਜਨੀਤੀ ਵਿੱਚ 'ਧਰਮ ਦੀ ਸਿਆਸਤ'
ਸੂਤਰਾਂ ਅਨੁਸਾਰ ਭਾਜਪਾ ਦੇ ਇਸ ਕਾਫਲੇ ਵਿੱਚ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ, ਸੰਤੋਖ ਸਿੰਘ ਗੁੰਮਟਾਲਾ, ਰਾਸ਼ਟਰੀ ਸਕੱਤਰ, ਜਿਲਾ ਪ੍ਰੋਗਰਾਮ ਇੰਚਾਰਜ ਅੰਮ੍ਰਿਤਸਰ ਦਿਹਾਤੀ ਅਮਰਜੀਤ ਸਿੰਘ ਅੰਬਾ, ਭਾਜਪਾ ਯੁਵਾ ਮੋਰਚਾ ਨੇਤਾ ਕੁਲਬੀਰ ਸਿੰਘ ਆਸ਼ੂ, ਚਾਰ ਜਨਰਲ ਸਕੱਤਰ ਅਤੇ ਹੋਰ ਸ਼ਾਮਿਲ ਸਨ।