ਅੰਮ੍ਰਿਤਸਰ: ਪੰਜਾਬ ਵਿੱਚ ਪਿਛਲੇ 2 ਮਹੀਨੇ ਵਿੱਚ ਲਗਭਗ 3 ਸੀਨੀਅਰ ਪੱਤਰਕਾਰਾਂ ਨੂੰ ਪੰਜਾਬ ਪੁਲਿਸ ਵੱਲੋਂ ਨਿਸ਼ਾਨਾ ਬਣਾਇਆ ਗਿਆ। ਇਸ ਕਰਕੇ ਪੰਜਾਬ ਦੇ ਸੂਝਵਾਨ ਲੋਕਾਂ ਅਤੇ ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲੇ ਸਮਾਜ ਸੇਵੀਆਂ ਵਿੱਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ। ਲੰਘੇ ਦਿਨੀਂ ਮੋਹਾਲੀ ਵਿਖੇ 2 ਏਐੱਸਆਈਜ਼ ਓਮ ਪ੍ਰਕਾਸ਼ ਅਤੇ ਅਮਰਨਾਥ ਵੱਲੋਂ ਗੁਰਦੁਆਰੇ ਦੀ ਕਵਰੇਜ ਕਰਨ ਗਏ ਇੱਕ ਗੁਰਸਿੱਖ ਅੰਮ੍ਰਿਤਧਾਰੀ ਪੱਤਰਕਾਰ ਮੇਜਰ ਸਿੰਘ ਨੂੰ ਥਾਣੇ ਲਿਜਾ ਕੇ ਬੁਰੀ ਤਰ੍ਹਾਂ ਕੁੱਟਿਆ ਗਿਆ। ਪੱਤਰਕਾਰ ਮੇਜਰ ਸਿੰਘ ਅੰਤਰਰਾਸ਼ਟਰੀ ਸੰਸਥਾ ਯੂਨਾਟਿਡ ਸਿੱਖਸ ਨਾਲ ਵੀ ਲੰਮੇ ਸਮੇਂ ਤੋਂ ਸੇਵਾ ਕਰ ਰਿਹਾ ਸੀ।
ਜਿੱਥੇ ਪੱਤਰਕਾਰ ਯੂਨੀਅਨਾਂ ਵੱਲੋਂ ਪੰਜਾਬ ਪੁਲਿਸ ਦੇ ਮੁਖੀ ਦਿਨਕਰ ਗੁਪਤਾ, ਮੁੱਖ ਮੰਤਰੀ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਇਸ ਸਬੰਧੀ ਸ਼ਿਕਾਇਤ ਕੀਤੀ ਅਤੇ ਦੂਜੇ ਪਾਸੇ ਯੂਨਾਈਟਿਡ ਸਿੱਖ਼ਸ ਦੇ ਆਗੂਆਂ ਵੱਲੋਂ ਵੀ ਪੱਤਰਕਾਰ ਮੇਜਰ ਸਿੰਘ ਦੇ ਮਾਮਲੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ, ਮਨੁੱਖੀ ਅਧਿਕਾਰ ਕਮਿਸ਼ਨ ਅਤੇ ਯੂਐਨਓ ਕੋਲ ਸ਼ਿਕਾਇਤ ਦਰਜ ਕਰਵਾਈ ਹੈ।
ਪੁਲਿਸ ਵੱਲੋਂ ਗੁਰਸਿੱਖ ਪੱਤਰਕਾਰ ਮੇਜਰ ਸਿੰਘ ਨਾਲ ਕੀਤੇ ਤਸ਼ਦੱਦ ਸਬੰਧੀ ਈਟੀਵੀ ਭਾਰਤ ਵੱਲੋਂ ਸਿੱਖ ਯੂਥ ਫੈੱਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਸਤਨਾਮ ਸਿੰਘ ਅੰਮ੍ਰਿਤਸਰ ਨਾਲ ਗੱਲ ਕੀਤੀ। ਉਨ੍ਹਾਂ ਕਿਹਾ ਕਿ ਪੁਲਿਸ ਸਹੁੰ ਚੁੱਕਦੀ ਹੈ ਕਿ ਉਹ ਲੋਕਾਂ ਦੇ ਹੱਕਾਂ ਦੀ ਰਾਖੀ ਕਰੇਗੀ ਪਰ ਪੰਜਾਬ ਵਿੱਚ ਪੁਲੀਸ ਦਾ ਕਿਰਦਾਰ ਹਮੇਸ਼ਾ ਹੀ ਮਾੜਾ ਰਿਹਾ ਹੈ ਅਤੇ ਲੋਕਾਂ ਦੇ ਹੱਕਾਂ ਨੂੰ ਮਸਲ ਕੇ ਮਾਰਿਆ ਹੈ।
ਉਨ੍ਹਾਂ ਕਿਹਾ ਕਿ ਇੱਕ ਅੰਮ੍ਰਿਤਧਾਰੀ ਪੱਤਰਕਾਰ ਨੂੰ ਇਸ ਤਰ੍ਹਾਂ ਗੈਰਕਾਨੂੰਨੀ ਮਾਰਨਾ, ਨਿੰਦਣਯੋਗ ਕਰਤੂਤ ਹੈ। ਉਨ੍ਹਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਕਿਹਾ ਕਿ ਪੁਲਿਸ 'ਤੇ ਡੰਡਾ ਰੱਖਣਾ ਚਾਹੀਦਾ ਹੈ ਕਿਉਂਕਿ ਇਸ ਤਰ੍ਹਾਂ ਮਨੁੱਖੀ ਅਧਿਕਾਰਾਂ ਦਾ ਘਾਣ ਕਰਨਾ ਕਾਨੂੰਨ ਅਤੇ ਸੰਵਿਧਾਨ ਦੇ ਖਿਲਾਫ ਹੈ। ਇਥੇ ਹੀ ਜ਼ਿਕਰਯੋਗ ਹੈ ਕਿ ਜ਼ਿਲ੍ਹਾ ਮੁਹਾਲੀ ਦੇ ਗੁਰਦੁਆਰਾ ਸਿੰਘ ਸਭਾ ਦਾ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਵਿਖੇ ਵੀ ਪੁੱਜਾ ਹੈ ਅਤੇ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਕਮੇਟੀ ਅੱਗੇ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਜਤਿੰਦਰਪਾਲ ਨੂੰ ਸ਼ੁੱਕਰਵਾਰ 29 ਮਈ ਨੂੰ ਪੇਸ਼ ਹੋਣ ਲਈ ਕਿਹਾ ਹੈ।