ਅੰਮ੍ਰਿਤਸਰ: ਲਗਭਗ 15 ਸਾਲ ਪਹਿਲਾਂ ਮਾਨਸਿਕ ਤੌਰ ਤੋਂ ਪ੍ਰੇਸ਼ਾਨ ਭਾਰਤੀ ਨਾਗਰਿਕ ਗ਼ਲਤੀ ਨਾਲ ਪਾਕਿਸਤਾਨ ਸਰਹੱਦ ਪਾਰ ਕਰ ਗਿਆ ਸੀ। ਅੱਜ ਭਾਰਤੀ ਨਾਗਰਿਕ ਨੂੰ ਪਾਕਿਸਤਾਨ ਰੇਂਜਰਾਂ ਵੱਲੋ ਬੀਐਸਐਫ਼ ਦੇ ਹਵਾਲੇ ਕਰ ਦਿੱਤਾ ਗਿਆ। ਭਾਰਤੀ ਨਾਗਰਿਕ ਦੀ ਪਛਾਣ ਚੰਦਰ ਰਾਮ ਵਜੋਂ ਹੋਈ ਹੈ, ਜੋ ਕਿ ਪਟਨਾ ਬਿਹਾਰ ਦਾ ਰਹਿਣ ਵਾਲਾ ਹੈ।
ਜਾਣਕਾਰੀ ਮੁਤਾਬਕ ਚੰਦਰ ਰਾਮ ਲਗਭਗ 15 ਸਾਲ ਪਹਿਲਾਂ ਡੇਰਾ ਬਾਬਾ ਨਾਨਕ ਸਰਹੱਦ ਤੋਂ ਪਾਕਿਸਤਾਨ ਵੱਲ ਚਲਾ ਗਿਆ ਸੀ। ਦੱਸਣਯੋਗ ਹੈ ਕਿ ਚੰਦਰ ਰਾਮ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ। ਚੰਦਰ ਰਾਮ ਦੇ ਪਰਿਵਾਰ ਨੇ 15 ਸਾਲ ਪਹਿਲਾਂ ਉਸ ਦੇ ਗੁੰਮ ਹੋਣ ਦੀ ਰਿਪੋਰਟ ਥਾਣੇ 'ਚ ਲਿਖਵਾਈ ਸੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਚੰਦਰ ਰਾਮ ਵੱਲੋਂ ਦੱਸਿਆ ਗਈਆਂ ਕੁੱਝ ਨਿਸ਼ਾਨਿਆਂ ਤੋਂ ਹੀ ਉਸ ਦੇ ਪਰਿਵਾਰ ਤਾਂ ਪਤਾ ਲਗਿਆ ਹੈ।
ਪੰਜਾਬ ਪੁਲਿਸ ਦੇ ਪ੍ਰੋਟੋਕੋਲ ਅਧਿਕਾਰੀ ਅਰੁਣ ਪਾਲ ਸਿੰਘ ਨੇ ਦੱਸਿਆ ਕਿ ਉਹ ਦਿਮਾਗੀ ਪ੍ਰੇਸ਼ਾਨੀ ਦੇ ਕਾਰਨ ਲਗਭਗ 15 ਸਾਲ ਪਹਿਲਾਂ ਅਚਾਨਕ ਪਾਕਿਸਤਾਨ ਸਰਹੱਦ ਪਾਰ ਕਰ ਗਿਆ ਸੀ। ਅੱਜ ਇਸ ਨੂੰ ਪਾਕਿਸਤਾਨ ਰੇਂਜਰਾਂ ਵੱਲੋਂ ਭਾਰਤ ਅਟਾਰੀ ਵਾਹਗਾ ਸਰਹੱਦ ‘ਤੇ ਬੀਐਸਐਫ ਦੇ ਹਵਾਲੇ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਚੰਦਰ ਰਾਮ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ ਗਈ ਹੈ। ਅਰੁਣ ਪਾਲ ਨੇ ਕਿਹਾ ਕਿ ਵੀਰਵਾਰ ਨੂੰ ਉਸ ਦੇ ਪਰਿਵਾਰ ਵਾਲੇ ਉਸ ਨੂੰ ਵਾਪਸ ਆਪਣੇ ਘਰ ਲੈ ਜਾਣਗੇ।