ਅੰਮ੍ਰਿਤਸਰ: 34 ਸਾਲ ਪਹਿਲਾਂ ਨਕੋਦਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਰੋਸ ਕਰਨ ਵਾਲੇ 4 ਸਿੱਖ ਨੌਜਵਾਨ 4 ਫਰਵਰੀ 1986 ਨੂੰ ਨਕੋਦਰ ਵਿਖੇ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋ ਗਏ ਸਨ। ਉਨ੍ਹਾਂ ਸ਼ਹੀਦਾਂ ਦੇ ਦੋਸ਼ੀਆਂ ਨੂੰ ਅਜੇ ਤੱਕ ਸਜ਼ਾ ਨਹੀਂ ਮਿਲੀ ਹੈ। ਸ਼ਹੀਦਾਂ ਦੇ ਪਰਿਵਾਰਾਂ ਵੱਲੋਂ ਇਨਸਾਫ਼ ਲਈ ਅੱਜ ਵੀ ਕੋਸ਼ਿਸ਼ਾਂ ਕੀਤੀ ਜਾ ਰਹੀਆਂ ਹਨ। ਇਸ ਬੇਅਦਬੀ ਕਾਂਡ ਵਿੱਚ ਸਿੱਖ ਨੌਜਵਾਨ ਭਾਈ ਰਵਿੰਦਰ ਸਿੰਘ ਲਿੱਤਰਾਂ, ਭਾਈ ਬਲਵੀਰ ਸਿੰਘ ਰਾਮਗੜ੍ਹ, ਭਾਈ ਝਿਲਮਿਲ ਸਿੰਘ ਗੇਰਸੀਆਂ ਤੇ ਭਾਈ ਹਰਮਿੰਦਰ ਸਿੰਘ ਚਲੂਪਰ ਸ਼ਹੀਦ ਹੋ ਗਏ ਸਨ।
ਇਨ੍ਹਾਂ ਸ਼ਹੀਦ ਹੋਏ ਨੌਜਵਾਨਾਂ ਦਾ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਚੱਲ ਰਿਹਾ ਹੈ ਪਰ ਪੰਥਕ ਮਸਲਾ ਹੋਣ ਕਰਕੇ ਇਨ੍ਹਾਂ ਸ਼ਹੀਦਾਂ ਦੇ ਪਰਿਵਾਰ ਲਗਾਤਾਰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਪਹੁੰਚ ਕਰ ਰਹੇ ਹਨ। ਸ਼ਹੀਦ ਭਾਈ ਰਵਿੰਦਰ ਸਿੰਘ ਲਿੱਤਰਾਂ ਦੇ ਪਿਤਾ ਬਲਦੇਵ ਸਿੰਘ ਲਿੱਤਰਾਂ ਨੇ ਕਿਹਾ ਕਿ ਉਹ ਇਸ ਤੋਂ ਪਹਿਲਾਂ ਵੀ ਕਈ ਵਾਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਨੂੰ ਮਿਲ ਚੁੱਕੇ ਹਨ ਪਰ ਪਹਿਲਾਂ ਵਾਲੇ ਜਥੇਦਾਰਾਂ ਨੇ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ।
ਉਨ੍ਹਾਂ ਕਿਹਾ ਕਿ ਹੁਣ ਫੇਰ ਉਹ ਜਥੇਦਾਰ ਹਰਪ੍ਰੀਤ ਸਿੰਘ ਨੂੰ ਮਿਲਣ ਆਏ ਹਨ ਕਿਉਂਕਿ ਉਹ ਸਮਝਦੇ ਹਨ ਕਿ ਜਥੇਦਾਰ ਹਰਪ੍ਰੀਤ ਸਿੰਘ ਨੂੰ ਗੁਰਬਾਣੀ ਦਾ ਵੱਧ ਗਿਆਨ ਹੈ, ਇਸ ਲਈ ਉਹ ਉਨ੍ਹਾਂ ਦੇ ਪੁੱਤਰਾਂ ਨੂੰ ਸ਼ਹੀਦ ਕਰਨ ਵਾਲੇ ਲੋਕਾਂ ਦੇ ਖ਼ਿਲਾਫ਼ ਕਾਰਵਾਈ ਜ਼ਰੂਰ ਅਮਲ ਵਿੱਚ ਲਿਆਉਣ।
ਇਹ ਵੀ ਪੜ੍ਹੋ: ਮਾਨ ਦੀਆਂ ਕਵਿਤਾਵਾਂ ਅਤੇ ਤਰਕਾਂ ਨੇ ਕਰਵਾਈ ਵਿਰੋਧੀਆਂ ਦੀ ਬੋਲਤੀ ਬੰਦ
ਬਲਦੇਵ ਸਿੰਘ ਲਿੱਤਰਾਂ ਨੇ ਕਿਹਾ ਕਿ ਫਰਵਰੀ 1986 ਵਿੱਚ ਵਾਪਰੀ ਘਟਨਾ ਲਈ ਸਿੱਧੇ ਤੌਰ 'ਤੇ ਦਰਬਾਰਾ ਸਿੰਘ ਗੁਰੂ ਅਤੇ ਅਜ਼ਹਾਰ ਆਲਮ ਦੋਸ਼ੀ ਹਨ ਪਰ ਸਰਕਾਰ ਨੇ ਕਾਰਵਾਈ ਤਾਂ ਕੀ ਕਰਨੀ ਸੀ ਸਗੋਂ ਅਕਾਲੀ ਦਲ ਨੇ ਉਨ੍ਹਾਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕਰਕੇ ਉਨ੍ਹਾਂ ਨੂੰ ਅਹੁਦੇ ਬਖ਼ਸ਼ੇ ਹਨ।
ਉਨ੍ਹਾਂ ਅਕਾਲੀ ਦਲ 'ਤੇ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਹੁਣ ਵੀ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਸ਼੍ਰੋਮਣੀ ਕਮੇਟੀ ਮਨਾ ਰਹੀ ਸੀ ਤਾਂ ਦਰਬਾਰਾ ਸਿੰਘ ਗੁਰੂ ਨੂੰ ਪ੍ਰੋਗਰਾਮਾਂ ਦਾ ਇੰਚਾਰਜ ਲਾਇਆ ਗਿਆ ਜੋ ਕਿ ਉਨ੍ਹਾਂ ਦੇ ਜ਼ਖ਼ਮਾਂ 'ਤੇ ਲੂਣ ਛਿੜਕਣ ਦੇ ਬਰਾਬਰ ਹੈ। ਇਹ ਵੀ ਜ਼ਿਕਰਯੋਗ ਹੈ ਕਿ ਉਪਰੋਕਤ ਸ਼ਹੀਦ ਨੌਜਵਾਨਾਂ ਦੀਆਂ ਫੋਟੋਆਂ ਕੇਂਦਰੀ ਸਿੱਖ ਅਜਾਇਬ ਅੰਮ੍ਰਿਤਸਰ ਵਿਖੇ ਲੱਗ ਚੁੱਕੀਆਂ ਹਨ।