ਅੰਮ੍ਰਿਤਸਰ: ਇੱਕ ਨਿੱਜੀ ਚੈਨਲ ’ਤੇ ਗੁਰਬਾਣੀ ਦੇ ਪ੍ਰਸਾਰਨ ਨੂੰ ਰੋਕਣ ਦੇ ਲਈ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਮੈਂਬਰਾਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਮੁਲਾਕਾਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਦਫਤਰ ਚ ਮੰਗ ਪੱਤਰ ਵੀ ਦਿੱਤਾ। ਜਿਸ ਚ ਉਨ੍ਹਾਂ ਨੇ ਕਿਹਾ ਹੈ ਕਿ ਗੁਰਬਾਣੀ ਦਾ ਵਪਾਰੀਕਰਨ ਬੰਦ ਹੋਵੇ।
ਇਸ ਦੌਰਾਨ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਆਗੂਆਂ ਨੇ ਕਿਹਾ ਕਿ ਬਹੁਤ ਲੰਮੇ ਸਮੇਂ ਤੋਂ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਇੱਕ ਨਿੱਜੀ ਚੈਨਲ ’ਤੇ ਗੁਰਬਾਣੀ ਦਾ ਜੋ ਵਪਾਰੀਕਰਨ ਕੀਤਾ ਜਾ ਰਿਹਾ ਹੈ ਉਸ ਤੇ ਰੋਕ ਲਗਾਉਣ ਲਈ ਕਿਹਾ ਜਾ ਰਿਹਾ ਹੈ। ਇਸੇ ਸਬੰਧੀ ਉਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਲ ਮੁਲਾਕਾਤ ਕੀਤੀ ਹੈ ਅਤੇ ਮੰਗ ਪੱਤਰ ਵੀ ਦਿੱਤਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਨਿੱਜੀ ਚੈਨਲ ’ਤੇ ਗੁਰਬਾਣੀ ਦੇ ਵਪਾਰੀਕਰਨ ਨੂੰ ਬੰਦ ਕੀਤਾ ਜਾਵੇ। ਇਸ ਲਈ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅਤੇ ਸੰਗਤਾਂ ਸ਼੍ਰੋਮਣੀ ਅਕਾਲੀ ਕਮੇਟੀ ’ਤੇ ਦਬਾਅ ਬਣਾ ਕੇ ਜਲਦ ਤੋਂ ਜਲਦ ਪ੍ਰਸਾਰਨ ਨੂੰ ਬੰਦ ਕਰਵਾਇਆ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਗੁਰੂਆਂ ਦੀ ਬਾਣੀ ਸਰਬ ਸਾਂਝੀ ਹੈ ਜਿਸ ਦਾ ਵਪਾਰੀਕਰਨ ਜਾਂ ਇਸਨੂੰ ਕਿਸੇ ਨਿੱਜੀ ਚੈਨਲ ’ਤੇ ਪ੍ਰਸਾਰਿਤ ਕਰਨਾ ਉਚਿਤ ਗਲ ਨਹੀਂ ਹੈ ਅਜਿਹਾ ਕਰਕੇ ਸ਼੍ਰੋਮਣੀ ਕਮੇਟੀ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੀ ਹੈ।
ਇਹ ਵੀ ਪੜੋ: ਜਥੇਦਾਰ ਦਾ ਵੱਡਾ ਬਿਆਨ: 'ਪੰਜਾਬ ਦੀ ਨਸਲ ਨੂੰ ਕੀਤਾ ਜਾ ਰਿਹੈ ਤਬਾਹ, ਗੈਰ ਪੰਜਾਬੀ ਬੱਚੇ ਹੋ ਰਹੇ ਨੇ ਪੈਦਾ'