ਅੰਮ੍ਰਿਤਸਰ: ਪੰਜਾਬ ਦੇ ਹੋਰ ਸ਼ਹਿਰਾਂ ਦੇ ਵਾਂਗ ਅੰਮ੍ਰਿਤਸਰ ਸਾਹਿਬ ਵਿਖੇ ਵੀ ਸਸਤੇ ਰਾਸ਼ਨ ਵਾਲਾ ਗੁਰੂ ਨਾਨਕ ਦੇਵ ਮੋਦੀਖਾਨਾ ਖੋਲ੍ਹਿਆ ਗਿਆ ਹੈ। ਮੋਦੀਖਾਨੇ ਦੇ ਮਾਲਕ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਹੁਣ ਮਹਿੰਗਾਈ ਦਿਨੋਂ-ਦਿਨ ਵੱਧ ਰਹੀ ਹੈ ਤੇ ਸਰਕਾਰਾਂ ਵੱਲੋਂ ਵੀ ਇਸ ਸਬੰਧੀ ਕੋਈ ਰਾਹਤ ਨਹੀਂ ਦਿੱਤੀ ਜਾ ਰਹੀ । ਲੋਕਾਂ ਦਾ ਜੀਵਨ ਔਖਾ ਬਸਰ ਹੋ ਰਿਹਾ ਹੈ, ਇਸੇ ਮੱਦੇਨਜ਼ਰ ਹੀ ਉਨ੍ਹਾਂ ਵੱਲੋਂ ਮੋਦੀਖਾਨਾ ਖੋਲ੍ਹਿਆ ਗਿਆ ਹੈ।
ਕੁਲਵਿੰਦਰ ਸਿੰਘ ਨੇ ਦੱਸਿਆ ਕਿ ਬਾਜ਼ਾਰ ਵਿੱਚ 10 ਕਿਲੋ ਆਟੇ ਦੀ ਥੈਲੀ 270 ਰੁਪਏ ਵਿੱਚ ਮਿਲ ਰਹੀ ਹੈ, ਜਿਸ ਕਾਰਨ ਗਰੀਬ ਲੋਕਾਂ ਨੂੰ ਰੋਟੀ ਦਾ ਪ੍ਰਬੰਧ ਕਰਨ ਵਿੱਚ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਮੋਦੀਖਾਨਾ ਵਿਖੇ ਸਿਰਫ਼ 5 ਰੁਪਏ ਮੁਨਾਫ਼ਾ ਕੀਮਤ ਰੱਖ ਕੇ 220 ਰੁਪਏ ਦੀ ਥੈਲੀ ਦਿੱਤੀ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਹੁਣ ਸਿਰਫ਼ ਆਟਾ ਭੰਡਾਰ ਹੈ ਪਰ ਆਉਣ ਵਾਲੇ ਸਮੇਂ ਵਿੱਚ ਉਹ ਆਟੇ ਦੇ ਨਾਲ- ਨਾਲ ਘਿਓ, ਖੰਡ ਅਤੇ ਹੋਰ ਵੀ ਕਰਿਆਣੇ ਦਾ ਸਮਾਨਵੀ ਰੱਖਣਗੇ। ਇਸ ਮੋਦੀਖਾਨੇ ਵਿੱਚ ਉਸ ਦੇ ਭਰਾ ਨਰਿੰਦਰ ਸਿੰਘ ਅਤੇ ਸੁਖਵਿੰਦਰ ਸਿੰਘ ਉਨ੍ਹਾਂ ਦਾ ਸਾਥ ਦੇ ਰਹੇ ਹਨ।
ਉਨ੍ਹਾਂ ਕਿਹਾ ਕਿ ਉਹ ਸਮਾਜ ਸੇਵੀ ਬਲਦੇਵ ਸਿੰਘ ਬਿੰਦੂ ਦੇ ਕੰਮ ਤੋਂ ਕਾਫ਼ੀ ਪ੍ਰਭਾਵਿਤ ਹੋਏ ਹਨ ਕਿਉਂਕਿ ਬਿੰਦੂ ਵੱਲੋਂ ਲੋਕਾਂ ਨੂੰ ਦਵਾਈਆਂ ਦੀ ਲੁੱਟ ਤੋਂ ਬਚਾਉਣ ਲਈ ਮੋਦੀਖ਼ਾਨੇ ਵਿੱਚ ਦਵਾਈਆਂ ਘੱਟ ਕੀਮਤਾਂ 'ਤੇ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਬਾਜ਼ਾਰਾਂ ਵਿਚ ਲੋਕਾਂ ਦੀ ਕਾਫ਼ੀ ਲੁੱਟ ਹੋ ਰਹੀ ਹੈ ਤੇ ਖਾਸ ਕਰਕੇ ਦਵਾਈਆਂ 300-400 ਗੁਣਾ ਜ਼ਿਆਦਾ ਕੀਮਤਾਂ ਵਸੂਲੀਆਂ ਜਾਂਦੀਆਂ ਹਨ।