ਅੰਮ੍ਰਿਤਸਰ : ਅੱਜ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਗੁਰਤਾਗੱਦੀ ਦਿਵਸ ਬੜੀ ਹੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਵੱਡੀ ਗਿਣਤੀ 'ਚ ਸੰਗਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜ ਰਹੀ ਹੈ। ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗੁਰਤਾਗੱਦੀ ਦਿਵਸ 'ਤੇ ਉਨ੍ਹਾਂ ਦੇ ਜੀਵਨ ਬਾਰੇ ਜਾਣੀਏ ਕੁੱਝ ਖ਼ਾਸ ਗੱਲਾਂ ...
ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ
ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਘਰ ਬੀਬੀ ਭਾਨੀ ਜੀ ਦੀ ਕੁੱਖੋਂ ਗੋਇੰਦਵਾਲ ਸਾਹਿਬ (ਪੰਜਾਬ) ਵਿਖੇ 1563 ਈਸਵੀ ਨੂੰ ਹੋਇਆ। ਸ੍ਰੀ ਗੁਰੂ ਅਰਜਨ ਦੇਵ ਜੀ ਗੁਰੂ ਰਾਮਦਾਸ ਜੀ ਦੇ ਸਭ ਤੋਂ ਛੋਟੇ ਪੁੱਤਰ ਸਨ। ਇਸ ਸਮੇਂ ਗੁਰੂ ਅਮਰਦਾਸ ਜੀ ਗੁਰਤਾਗੱਦੀ 'ਤੇ ਬਿਰਾਜਮਾਨ ਸਨ, ਜੋ ਗੁਰੂ ਅਰਜਨ ਦੇਵ ਜੀ ਦੇ ਨਾਨਾ ਜੀ ਸਨ।
ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਬਚਪਨ ਤੇ ਸਿੱਖਿਆ
ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਬਚਪਨ ਦੇ ਮੁੱਢਲੇ 11 ਸਾਲ ਆਪਣੇ ਨਾਨਾ ਗੁਰੂ ਅਮਰਦਾਸ ਜੀ ਦੀ ਛੱਤਰ ਛਾਇਆ ਹੇਠ ਬਿਤਾਏ। ਇਸ ਦੌਰਾਨ ਗੁਰੂ ਅਰਜਨ ਦੇਵ ਜੀ ਨੇ ਇਥੇ ਆਪਣੇ ਨਾਨਾ ਜੀ ਕੋਲੋਂ ਗੁਰਮੁਖੀ ਦੀ ਵਿਦਿਆ ਲਈ ਤੇ ਗੁਰਮੁਖੀ 'ਚ ਮੁਹਾਰਤ ਹਾਸਲ ਕੀਤੀ। ਇਸ ਤੋਂ ਇਲਾਵਾ ਗੁਰੂ ਜੀ ਨੇ ਕਈ ਹੋਰਨਾਂ ਭਾਸ਼ਵਾਂ ਦੇਵਨਾਗਰੀ, ਸੰਸਕ੍ਰਿਤ ਅਤੇ ਗਣਿਤ ਦੀ ਵਿਦਿਆ ਹਾਸਲ ਕੀਤੀ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਾਮਾ ਬਾਬਾ ਮੋਹਨ ਸਿੰਘ ਜੀ ਨੇ ਗੁਰੂ ਜੀ ਨੂੰ ਅਧਿਆਤਮ ਤੇ ਧਿਆਨ ਲਗਾਉਣ ਦੀ ਵਿਦਿਆ ਵੀ ਸਿਖਾਈ।
ਪਿਤਾ ਵੱਲੋਂ ਆਰੰਭੇ ਗਏ ਕਾਰਜਾਂ ਨੂੰ ਕੀਤਾ ਪੂਰਾ
1574 ਵਿੱਚ ਹੀ ਸ੍ਰੀ ਗੁਰੂ ਰਾਮਦਾਸ ਜੀ, ਨੇ ਸ੍ਰੀ ਗੁਰੂ ਅਮਰਦਾਸ ਜੀ ਦੇ ਆਸ਼ੇ ਨੂੰ ਪੂਰਾ ਕਰਨ ਲਈ ਆਪਣੇ ਤਿੰਨੋਂ ਪੁੱਤਰਾਂ ਪ੍ਰਿਥੀ ਚੰਦ, ਸ੍ਰੀ ਮਹਾਂਦੇਵ ਅਤੇ ਸ੍ਰੀ (ਗੁਰੂ) ਅਰਜਨ ਦੇਵ ਜੀ ਨੂੰ ਨਾਲ ਲੈ ਕੇ ਗੁਰੂ ਕੇ ਚੱਕ (ਅੰਮ੍ਰਿਤਸਰ) ਆ ਗਏ, ਸਭ ਤੋਂ ਪਹਿਲੀ ਸੇਵਾ ਜੋ ਸ੍ਰੀ ਗੁਰੂ ਅਮਰਦਾਸ ਜੀ ਦੇ ਸਮੇਂ ਸੰਤੋਖਸਰ ਦੀ ਚਲ ਰਹੀ ਸੀ, ਉਸ ਨੂੰ ਅਰੰਭਿਆ ਗਿਆ। ਇਸ ਟਾਹਲੀ ਹੇਠ ਬੈਠ ਕੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸੇਵਾ ਕਰਦੇ ਸਨ, ਅੱਜਕਲ੍ਹ ਇਸ ਸਥਾਨ 'ਤੇ ਗੁਰਦੁਆਰਾ ਟਾਹਲੀ ਸਾਹਿਬ ਸੁਸ਼ੋਭਿਤ ਹੈ।
ਇਸ ਤੋਂ ਇਲਾਵਾ 1577 'ਚ ਸ੍ਰੀ ਗੁਰੂ ਰਾਮਦਾਸ ਜੀ ਨੇ ਦੁੱਖਭੰਜਨੀ ਬੇਰੀ ਵਾਲੀ ਥਾਂ ਇੱਕ ਸਰੋਵਰ ਦੀ ਖੁਦਵਾਈ ਸ਼ੁਰੂ ਕਰਵਾਈ, ਜਿਸ ਨੂੰ ਬਾਅਦ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੰਪੂਰਨ ਕੀਤਾ। ਇਸ ਸਰੋਵਰ ਦਾ ਨਾਂਅ ਅੰਮ੍ਰਿਤਸਰ ਰੱਖਿਆ ਗਿਆ। ਇਸ ਤੋਂ ਹੀ ਇਸ ਨਗਰ ਦਾ ਨਾਂਅ ਅੰਮ੍ਰਿਤਸਰ ਪਿਆ।
ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਗੁਰਤਾਗੱਦੀ ਦਿਵਸ
ਸ੍ਰੀ ਗੁਰੂ ਰਾਮਦਾਸ ਜੀ ਨੇ ਆਪਣੇ ਨਿੱਕੇ ਸਪੁੱਤਰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਧਰਮ ਪ੍ਰਤੀ ਲਗਨ, ਪਿਆਰ, ਸਤਿਕਾਰ, ਸੁਭਾਅ ਵਿੱਚ ਨਿਮਰਤਾ ਆਦਿ ਦੇ ਗੁਣਾਂ ਨੂੰ ਦੇਖਦੇ ਹੋਏ 1 ਸਤੰਬਰ 1581 ਨੂੰ ਜੋਤੀ ਜੋਤਿ ਸਮਾਉਣ ਵੇਲੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ, ਬਾਬਾ ਬੁੱਢਾ ਸਾਹਿਬ ਜੀ ਹੱਥੋਂ ਗੁਰਿਆਈ ਦਾ ਤਿਲਕ ਬਖਸ਼ਿਸ਼ ਕੀਤਾ। ਸ੍ਰੀ ਗੁਰੂ ਰਾਮਦਾਸ ਜੀ ਉਸੇ ਦਿਨ ਹੀ ਜੋਤੀ ਜੋਤਿ ਸਮਾ ਗਏ। ਗੁਰਗੱਦੀ ਮਿਲਣ ਸਮੇਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਉਮਰ 18 ਸਾਲ ਸੀ। ਦਸਤਾਰਬੰਦੀ ਦੀ ਰਸਮ ਤੋਂ ਬਾਅਦ ਆਪ ਜੀ ਅਕਤੂਬਰ ਮਹੀਨੇ ਸ੍ਰੀ ਅੰਮ੍ਰਿਤਸਰ ਆ ਗਏ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਦੋਂ ਗੁਰਤਾਗੱਦੀ ਸਾਂਭੀ ਤਾਂ ਉਹ ਇਹ ਜਾਣਦੇ ਸਨ, ਕਿ ਗੁਰਗੱਦੀ ਪਾਉਣਾ, ਕੁੱਝ ਹਾਸਲ ਕਰਨਾ ਨਹੀਂ ਸਗੋਂ ਕੁੱਝ ਦੇਣਾ ਹੈ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖ ਕੌਮ ਲਈ ਸ਼ਹੀਦੀ ਦੇਣ ਵਾਲੇ ਪਹਿਲੇ ਗੁਰੂ ਸਨ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸਥਾਪਨਾ
ਗੁਰਗੱਦੀ ਤੇ ਬਿਰਾਜਮਾਨ ਹੋਣ ਮਗਰੋਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਧਰਮ ਪ੍ਰਚਾਰ ਦੇ ਨਾਲ-ਨਾਲ ਗੁਰੂ ਰਾਮਦਾਸ ਜੀ ਵੱਲੋਂ ਅਰੰਭੇ ਕਾਰਜਾਂ ਨੂੰ ਨੇਪਰੇ ਚਾੜ੍ਹਨਾ ਸ਼ੁਰੂ ਕੀਤਾ। ਗੁਰੂ ਸਾਹਿਬ ਜੀ ਨੇ ਅੰਮ੍ਰਿਤਸਰ ਦਾ ਨਿਰਮਾਣ ਕਰਵਾਇਆ, ਅੰਮ੍ਰਿਤਸਰ ਦੇ ਪਵਿੱਤਰ ਸਰੋਵਰ ਤੋਂ ਇਲਾਵਾ ਸੰਤੋਖਸਰ ਤੇ ਤਰਨਤਾਰਨ ਸਾਹਿਬ ਦੇ ਸਰੋਵਰ ਖੁਦਵਾਏ ਤੇ ਮੁਕੰਮਲ ਕਰਵਾਏ, ਛੇਹਰਟਾ ਸਾਹਿਬ ਵਿਖੇ ਛੇਹਰਟਾਂ ਵਾਲਾ ਖੂਹ ਲਗਵਾਇਆ, ਕਰਤਾਰਪੁਰ ਨਗਰ ਵਸਾਇਆ, ਬਉਲੀਆਂ ਤੇ ਖੂਹਾਂ ਦੀ ਖੁਦਵਾਈ ਕਰਵਾਈ। ਅੰਮ੍ਰਿਤਸਰ ਸਾਹਿਬ 'ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸਥਾਪਨਾ ਕੀਤੀ ਤੇ ਸ਼ਹਿਰ ਵਸਾਇਆ। ਹਰ ਕਿੱਤੇ ਦੇ ਲੋਕਾਂ ਨੂੰ ਇਥੇ ਲਿਆ ਕੇ ਵਸਾਇਆ। ਅੱਜ ਵੀ ਇਸ ਪਵਿੱਤਰ ਨਗਰੀ 'ਚ ਉਸ ਸਮੇਂ ਦੇ ਨਾਵਾਂ ਨਾਲ ਕਈ ਬਾਜ਼ਾਰ ਮਸ਼ਹੂਰ ਹਨ।
ਪੰਜਾਬੀ ਸਾਹਿਤ ਵਿੱਚ ਯੋਗਦਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਾਦਨ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਾਦਨ
ਪੰਜਵੇਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਗੁਰਗੱਦੀ ਕਾਲ ਵਿੱਚ, ਸਭ ਤੋਂ ਮਹਾਨ ਕੰਮ ਇਲਾਹੀ ਬਾਣੀ ਰਚਣ ਅਤੇ ਪਹਿਲੇ ਗੁਰੂ ਸਾਹਿਬਾਂ ਦੀ, ਸੰਤਾਂ, ਭਗਤਾਂ ਦੀ ਬਾਣੀ ਨੂੰ ਇਕੱਤਰ ਕਰਨ ਦਾ ਕੀਤਾ। ਗੁਰੂ ਸਾਹਿਬ ਜੀ ਨੇ ਵੱਖ-ਵੱਖ ਗੁਰੂਆਂ, ਸੰਤਾਂ ਤੇ ਮਹਾਂਪੁਰਸ਼ਾਂ ਦੀ ਬਾਣੀ ਦੇ ਅੰਸ਼ ਇਕੱਤਰ ਕਰਕੇ ਇਸ ਪਵਿੱਤਰ ਗ੍ਰੰਥ ਨੂੰ ਭਾਈ ਗੁਰਦਾਸ ਜੀ ਦੇ ਹੱਥੋਂ ਲਿਖਵਾਇਆ ਸੀ। ਇਸ ਮਹਾਨ ਕੰਮ ਨੂੰ ਕਰਨ ਲਈ ਗੁਰੂ ਸਾਹਿਬ ਜੀ ਨੇ ਇਕਾਂਤ ਵਾਸ ਥਾਂ ਸ੍ਰੀ ਰਾਮਸਰ (ਅੰਮ੍ਰਿਤਸਰ) ਚੁਣੀ। ਸੰਨ 1601 ਤੋਂ ਲੈ ਕੇ ਅਗਸਤ 1604 ਦੇ ਲੰਮੇ ਅਰਸੇ ਦੌਰਾਨ ਇਹ ਕੰਮ ਸੰਪੂਰਨ ਹੋਇਆ ਤੇ ਇੱਕ ਮਹਾਨ ਗ੍ਰੰਥ ਤਿਆਰ ਕੀਤਾ ਗਿਆ। ਇਸ ਵਿੱਚ 36 ਮਹਾਂਪੁਰਸ਼ਾਂ ਦੀ ਬਾਣੀ ਅੰਕਿਤ ਕੀਤੀ ਗਈ, ਜਿਨ੍ਹਾਂ ਵਿੱਚ ਛੇ ਗੁਰੂ ਸਾਹਿਬਾਨ ਦੀ ਬਾਣੀ, 15 ਭਗਤਾਂ , 11 ਭੱਟਾਂ ਅਤੇ ਚਾਰ ਗੁਰੂ ਘਰ ਦੇ ਸਿੱਖਾਂ ਦੀ ਬਾਣੀ ਦਾ ਸੰਗ੍ਰਹਿ ਤਿਆਰ ਕੀਤਾ। ਇਸ ਸੇਵਾ ਲਈ ਭਾਈ ਗੁਰਦਾਸ ਜੀ ਨੇ ਆਪਣੀ ਲੇਖਣੀ ਦੁਆਰਾ ਮਹਾਨ ਯੋਗਦਾਨ ਪਾਇਆ।
ਬਾਬਾ ਬੁੱਢਾ ਜੀ ਨੂੰ ਥਾਪਿਆ ਪਹਿਲਾ ਗ੍ਰੰਥੀ
ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਰੀਬ 418 ਵਰ੍ਹੇ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਸੰਕਲਿਤ ਕੀਤਾ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਦੁਆਰਾ ਰਾਮਸਰ ਸਾਹਿਬ ਤੋਂ ਸ੍ਰੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਵਿਰਾਜਮਾਨ ਕੀਤਾ ਗਿਆ ਸੀ। ਗੁਰਦੁਆਰਾ ਰਾਮਸਰ ਸਾਹਿਬ ਤੋਂ ਸ੍ਰੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਬਾਬਾ ਬੁੱਢਾ ਸਾਹਿਬ ਜੀ ਨੇ ਸੰਗਤ ਨਾਲ ਨਗਰ ਕੀਰਤਨ ਕੱਢਦੇ ਹੋਏ, ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਕੀਤਾ। ਪੰਜਵੇਂ ਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਬਾਬਾ ਬੁੱਢਾ ਸਾਹਿਬ ਜੀ ਨੂੰ ਸੌਂਪੀ ਸੀ।
ਗੁਰੂਆਂ ਦੀ ਬਾਣੀ ਨੂੰ ਦਿੱਤਾ ਉੱਚ ਸਤਿਕਾਰ
ਸੰਗਤਾਂ ਦੀ ਦੀਦਾਰ ਤੋਂ ਬਾਅਦ ਸ਼ਾਮ ਵੇਲੇ ਬਾਬਾ ਬੁੱਢਾ ਜੀ ਨੇ ਗੁਰੂਬਾਣੀ ਦੇ ਜਹਾਜ ਦਾ ਸੁਖਆਸਨ ਯਾਨਿ ਕਿ ਵਿਸ਼ਰਾਮ ਸਥਾਨ ਬਾਰੇ ਗੁਰੂ ਸਹਿਬਾਨ ਤੋਂ ਪੁੱਛਿਆ। ਇਸ ਦੌਰਾਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਿਹਾ ਕਿ ਜਿਸ ਆਸਨ 'ਤੇ ਅਸੀਂ ਵਿਰਾਜਦੇ ਹਾਂ, ਉਸ ਪਲੰਘ 'ਤੇ ਸੁੰਦਰ ਵਿਛਾਈ ਕਰਕੇ ਉਸ ਦਿਨ ਤੋਂ ਅੱਜ ਤੱਕ ਗੁਰੂ ਦੀ ਬਾਣੀ ਦਾ ਸਵਰੂਪ ( ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ) ਨੂੰ ਵਿਰਾਜਮਾਨ ਕੀਤਾ ਜਾਂਦਾ ਹੈ। ਉਸ ਦਿਨ ਤੋਂ ਅੱਜ ਤੱਕ ਬੜੇ ਹੀ ਅਦਬ ਤੇ ਸਤਿਕਾਰ ਨਾਲ ਇਹ ਰਵਾਇਤ ਨਿਭਾਈ ਜਾਂਦੀ ਹੈ। ਅੱਜ ਵੀ ਸੱਚਖੰਡ ਹਰਿਮੰਦਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਕੋਠਾ ਸਾਹਿਬ ਤੋਂ ਸਿੰਘ ਸਹਿਬਾਨ ਅਰਦਾਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਆਉਂਦੇ ਹਨ ਤੇ ਸ਼ਾਮ ਵੇਲੇ ਸੁਖਆਸਨ 'ਤੇ ਵਿਰਾਜਮਾਨ ਕਰਦੇ ਹਨ। ਗੁਰੂਬਾਣੀ ਨੂੰ ਸੁਖਅਸਥਾਨ 'ਤੇ ਵਿਰਾਜਮਾਨ ਕਰਨ ਮਗਰੋਂ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਉਸ ਦਿਨ ਤੋਂ ਪਲੰਘ ਤੋਂ ਹੇਠਾਂ ਆਪਣਾ ਸਥਾਨ ਬਣਾਇਆ, ਕਿਉਂਕਿ ਉਹ ਗੁਰੂਆਂ ਦੀ ਬਾਣੀ ਸੀ। ਉਨ੍ਹਾਂ ਨੇ ਧੁਰ ਕੀ ਬਾਣੀ, ਗੁਰੂਬਾਣੀ ਨੂੰ ਖ਼ੁਦ ਵੀ ਬੇਹਦ ਉੱਚਾ ਸਥਾਨ ਦਿੱਤਾ ਤੇ ਸਤਿਕਾਰ ਕੀਤਾ, ਤੇ ਸਿੱਖਾਂ ਨੂੰ ਵੀ ਕਰਨਾ ਸਿਖਾਇਆ।