ਅੰਮ੍ਰਿਤਸਰ: ਦੁਰਗਿਆਣਾ ਮੰਦਿਰ ਕਮੇਟੀ ਨੇ ਬੁੱਧਵਾਰ ਨੂੰ ਹੋਈ ਮੀਟਿੰਗ ਦੌਰਾਨ ਪਾਕਿਸਤਾਨ 'ਚ ਕੁੜੀਆਂ ਨਾਲ ਹੋ ਰਹੇ ਜਬਰਨ ਧਰਮ ਪਰਿਵਰਤਨ ਦੀਆਂ ਘਟਨਾਵਾਂ ਦੀ ਨਿਖੇਧੀ ਕੀਤੀ ਹੈ। ਕਮੇਟੀ ਪ੍ਰਧਾਨ ਰਮੇਸ਼ ਚੰਦਰ ਸ਼ਰਮਾ ਨੇ ਪ੍ਰੈਸ ਨਾਲ ਗੱਲਬਾਤ ਦੌਰਾਨ ਐਲਾਨ ਕੀਤਾ ਹੈ ਕਿ ਪਾਕਿ 'ਚੋਂ ਕੋਈ ਵੀ ਹਿੰਦੂ ਜੋ ਅੰਮ੍ਰਿਤਸਰ 'ਚ ਵਸਣਾ ਚਾਹੁੰਦਾ ਹੈ, ਉਸ ਦੇ ਰਹਿਣ ਤੋਂ ਲੈ ਕੇ ਪੁਨਰਵਾਸ ਤੱਕ ਦਾ ਸਾਰਾ ਖ਼ਰਚ ਦੁਰਗਿਆਣਾ ਮੰਦਿਰ ਕਮੇਟੀ ਵੱਲੋਂ ਕੀਤਾ ਜਾਵੇਗਾ।
ਕੇਂਦਰ ਸਰਕਾਰ ਤੋਂ ਮੰਗ ਕਰਦੇ ਹੋਏ ਪ੍ਰਧਾਨ ਰਮੇਸ਼ ਸ਼ਰਮਾ ਨੇ ਦੱਸਿਆ ਕਿ ਜਿਹੜੇ ਲੋਕ ਪਾਕਿਸਤਾਨ ਤੋਂ ਭਾਰਤ ਵਿੱਚ ਆਉਣਾ ਚਾੰਹੁਦੇ ਹਨ, ਭਾਰਤ ਸਰਕਾਰ ਨੂੰ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ। ਸ਼ਰਮਾ ਨੇ ਕਿਹਾ ਸਿਰਫ ਹਿੰਦੂ ਹੀ ਨਹੀਂ ਜੇ ਕੋਈ ਸਿੱਖ ਜਾਂ ਇਸਾਈ ਵੀ ਪਾਕਿਸਤਾਨ ਤੋਂ ਮਾਈਗ੍ਰੇਟ ਹੋ ਕੇ ਭਾਰਤ ਆਉਂਦਾ ਹੈ ਤਾਂ ਦੁਰਗਿਆਣਾ ਮੰਦਰ ਕਮੇਟੀ ਵੱਲੋਂ ਉਸ ਦੀ ਮਦਦ ਕੀਤੀ ਜਾਵੇਗੀ। ਇਸ ਤੋਂ ਇਲਾਵਾ ਕਮੇਟੀ ਪ੍ਰਧਾਨ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਇਹ ਮੁੱਦਾ ਇੰਟਰਨੈਸ਼ਨਲ ਪੱਧਰ 'ਤੇ ਯੂਐਨਓ ਵਿੱਚ ਚੁੱਕਣਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਪਾਕਿਸਤਾਨ ਤੋਂ ਭਾਰਤ ਆਏ ਇਮਰਾਨ ਖ਼ਾਨ ਦੀ ਪਾਰਟੀ ਦੇ ਸਾਬਕਾ ਵਿਧਾਇਕ ਬਲਦੇਵ ਕੁਮਾਰ ਨੇ ਖੁਲਾਸਾ ਕੀਤਾ ਸੀ ਪਾਕਿਸਤਾਨ ਵਿੱਚ ਘੱਟ ਗਿਣਤੀ ਲੋਕਾਂ 'ਤੇ ਜ਼ੁਲਮ ਕੀਤੇ ਜਾ ਰਹੇ ਹਨ। ਬਲਦੇਵ ਕੁਮਾਰ ਦਾ ਕਹਿਣਾ ਹੈ ਕਿ ਪਾਕਿਸਤਾਨ ਵਿੱਚ ਹਿੰਦੂ-ਸਿੱਖ ਸੁਰੱਖਿਅਤ ਨਹੀਂ ਹਨ। ਉੱਥੇ ਉਨ੍ਹਾਂ 'ਤੇ ਤਸ਼ੱਦਦ ਕੀਤਾ ਜਾ ਰਿਹਾ ਹੈ, ਉਨ੍ਹਾਂ ਦੇ ਕਤਲ ਹੋ ਰਹੇ ਹਨ ਜਿਸ ਤੋਂ ਬਾਅਦ ਦੁਰਗਿਆਣਾ ਮੰਦਿਰ ਕਮੇਟੀ ਨੇ ਮੀਟਿੰਗ ਕਰ ਇਹ ਫੈਸਲਾ ਲਿਆ ਹੈ।