ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੀ ਪਤਨੀ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਉਹ ਇੱਥੇ ਅਖੰਡ ਪਾਠ ਦੇ ਭੋਗ 'ਤੇ ਪਹੁੰਚੇ ਸਨ। ਉਨ੍ਹਾਂ ਵੱਲੋਂ ਮੁੜ ਤੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ। ਇੱਥੇ ਇਹ ਵੀ ਜ਼ਿਕਰ ਹੈ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਇੱਥੇ ਅਖੰਡ ਪਾਠ ਲਗਾਤਾਰ ਕਰਵਾਏ ਜਾਂਦੇ ਹਨ। ਉਹ ਹਰ ਮਹੀਨੇ ਅਖੰਡ ਪਾਠ ਦੇ ਭੋਗ 'ਤੇ ਹਾਜ਼ਰੀ ਭਰਦੇ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਸਰਕਾਰ ਨੇ ਅੰਮ੍ਰਿਤਸਰ ਸਾਹਿਬ ਨੂੰ ਸੋਹਣਾ ਬਣਾਇਆ ਸੀ ਪਰ ਹੁਣ ਕੈਪਟਨ ਦੇ ਰੂਪ 'ਚ ਪੰਜਾਬ ਨੂੰ ਪਹਿਲੀ ਵਾਰ ਅਜਿਹਾ ਮੁੱਖ ਮੰਤਰੀ ਮਿਲਿਆ ਹੈ ਜਿਸ ਨੂੰ ਪੰਜਾਬ ਦੀ ਕੋਈ ਫਿਕਰ ਨਹੀਂ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲੇ ਅਵਾਰਡ ਬਾਰੇ ਉਨ੍ਹਾਂ ਕਿਹਾ ਕਿ ਇਹ ਤਾਂ ਸਭ ਤੋਂ ਹੇਠਲਾ ਅਵਾਰਡ ਹੈ, ਜੋ ਉਨ੍ਹਾਂ ਨੂੰ ਦਿੱਤਾ ਗਿਆ ਹੈ।
ਨਸ਼ਿਆਂ ਦੇ ਮਾਮਲੇ ਵਿੱਚ ਬਾਦਲ ਬੋਲੇ ਕੇ ਸਭ ਤੋਂ ਵੱਧ ਨਸ਼ੇ ਤਾਂ ਕਾਂਗਰਸ ਦੇ ਲੀਡਰ ਵਿਕਾਉਂਦੇ ਹਨ ਕਿਸੇ ਨੂੰ ਕੀ ਕਹਿਣਗੇ ? ਉਨ੍ਹਾਂ ਕਾਂਗਰਸੀਆਂ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕਾਂਗਰਸੀ ਆਗੂਆਂ ਦੀ ਸ਼ਹਿ ‘ਤੇ ਪੰਜਾਬ ‘ਚ ਨਸ਼ਾ ਵਿਕ ਰਿਹਾ ਹੈ, ਜਿਸ ਕਾਰਨ ਸੂਬੇ ‘ਚ ਨਸ਼ਿਆਂ ਦੀ ਆਮਦ ਵੱਧ ਰਹੀ ਹੈ।
ਦਿੱਲੀ ਵਿੱਚ ਚੱਲ ਰਹੇ ਵਿਵਾਦ ਬਾਰੇ ਉਨ੍ਹਾਂ ਕਿਹਾ ਕਿ ਜੋ ਵੀ ਦੋਸ਼ੀ ਹੈ ਉਸ ਵਿਰੁੱਧ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ, ਦੋਸ਼ੀ ਚਾਹੇ ਕਿਸੇ ਵੀ ਪਾਰਟੀ ਦਾ ਹੋਵੇ। ਉਨ੍ਹਾਂ ਕਿਹਾ ਕਿ 1984 ਵਾਂਗ ਦੋਸ਼ੀ ਖੁੱਲ੍ਹੇ ਨਹੀਂ ਘੁੰਮ ਸਕਦੇ। ਉਨ੍ਹਾਂ ਕਿਹਾ ਕਿ ਸ਼ੁਰੂ ਤੋਂ ਹੀ ਕਾਂਗਰਸ ਪਾਰਟੀ ਸਿੱਖ ਵਿਰੋਧੀ ਰਹੀ ਹੈ। ਲਾਅ ਤੇ ਆਰਡਰ ਦਾ ਪ੍ਰਬੰਧ ਕਰਨਾ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਹੁੰਦੀ ਹੈ।
ਕਰਤਾਰਪੁਰ ਸਾਹਿਬ ਦੇ ਲਾਂਘੇ ਬਾਰੇ ਡੀਜੀਪੀ ਦੇ ਬਿਆਨ 'ਤੇ ਬਾਦਲ ਬੋਲੇ ਕਿ ਕੈਪਟਨ ਨਾਕਾਮ ਲੀਡਰ ਹੈ ਤੇ ਤੁਸੀਂ ਦੇਖਦੇ ਹੋ ਕਿ ਅੰਮ੍ਰਿਤਸਰ ਵਿੱਚ ਉਸ ਨੇ ਕੀ ਕਰਵਾਇਆ? ਨਵਜੋਤ ਸਿੱਧੂ ਦਾ ਭਵਿੱਖ ਤਾਂ ਪ੍ਰਮਾਤਮਾ ਹੀ ਜਾਣਦਾ ਹੈ।
ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਮਰਾਟ ਫੋਨ ਕਰੋਨਾ ਵਾਇਰਸ ਕਰਕੇ ਨਾ ਆਉਣ ਦੇ ਜਵਾਬ ਵਿੱਚ ਸੁਖਬੀਰ ਬਾਦਲ ਨੇ ਮਜ਼ਾਕ ਵਿੱਚ ਜਵਾਬ ਦਿੰਦਿਆਂ ਕਿਹਾ ਕਿ ਹੁਣ ਇਹ ਦੋ ਸਾਲ ਹੋਰ ਕਰੋਨਾ ਵਾਇਰਸ ਚੱਲੇਗਾ ਤੇ ਉਨ੍ਹਾਂ ਕਿਹਾ ਕਿ ਜਦੋਂ ਨੌਕਰੀਆਂ ਦੇਣੀਆਂ ਸਨ ਤਾਂ ਉਦੋਂ ਕਿਹੜਾ ਵਾਇਰਸ ਸੀ?