ਅੰਮ੍ਰਿਤਸਰ: ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਰਿਲੀਜ਼ ਹੋਇਆ ਗਾਣਾ ਐਸਵਾਈਐਲ ਦਾ ਅਕਸਰ ਹੀ ਵਿਵਾਦਾਂ ਵਿੱਚ ਘਿਰਦਾ ਹੋਇਆ ਨਜ਼ਰ ਆਇਆ ਅਤੇ ਉਸ ਗਾਣੇ ਵਿੱਚ ਬਲਵਿੰਦਰ ਸਿੰਘ ਜਟਾਣੇ ਦਾ ਜ਼ਿਕਰ ਕਰਨ ਤੋਂ ਬਾਅਦ ਬਲਵਿੰਦਰ ਸਿੰਘ ਜਟਾਣਾ ਇੱਕ ਹੀਰੋ ਦੇ ਰੂਪ ਵਿੱਚ ਸਾਹਮਣੇ ਆ ਰਿਹਾ ਹੈ।
ਦੂਜੇ ਪਾਸੇ ਹੁਣ ਗੱਲ ਕੀਤੀ ਜਾਵੇ ਤਾਂ 4 ਸਤੰਬਰ ਨੂੰ ਜਟਾਣਾ ਨੂੰ ਲੈ ਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿਚ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਜਾਵੇਗਾ। ਉੱਥੇ ਹੀ ਉਹ ਦਲ ਖ਼ਾਲਸਾ ਵੱਲੋਂ ਇਕ ਪ੍ਰੈੱਸ ਕਾਨਫਰੰਸ ਦੇ ਦੌਰਾਨ ਜਟਾਣਾ ਦੀ ਤਸਵੀਰ ਸਿੱਖ ਅਜਾਇਬਘਰ ਵਿੱਚ ਲਗਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਗਈ ਹੈ।
ਦਲ ਖ਼ਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਬਿੱਟੂ ਵੱਲੋਂ ਇਕ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਬਲਵਿੰਦਰ ਸਿੰਘ ਜਟਾਣਾ ਦੀ ਤਸਵੀਰ 4 ਸਤੰਬਰ ਨੂੰ ਸ੍ਰੀ ਹਰਿਮੰਦਰ ਸਾਹਿਬ ਚੌਕ ਘੰਟਾ ਘਰ ਵਿਖੇ ਅਜਾਇਬ ਘਰ ਵਿਚ ਲਗਾਉਣ ਦੀ ਐੱਸਜੀਪੀਸੀ ਨੂੰ ਅਪੀਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਾਣੀਆਂ ਦੇ ਅਸਲੀ ਰਾਖੇ ਦਾ ਨਾਂ ਕਿਤੇ ਗੁੰਮ ਹੋ ਗਿਆ ਸੀ ਅਤੇ ਸਿੱਧੂ ਮੂਸੇਵਾਲਾ ਵੱਲੋਂ ਐੱਸਵਾਈਐੱਲ ਗੀਤ ਦੇ ਵਿਚ ਬਲਵਿੰਦਰ ਸਿੰਘ ਜਟਾਣਾ ਦਾ ਨਾਮ ਲੈਣ ਤੋਂ ਬਾਅਦ ਇਹ ਨਾਮ ਫਿਰ ਚਰਚਾ ਵਿੱਚ ਆਇਆ ਹੈ।
ਉਨ੍ਹਾਂ ਕਿਹਾ ਕਿ ਦਲ ਖਾਲਸਾ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਪਰਿਕਰਮਾ ਦੇ ਅੰਦਰ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਵਿਖੇ ਬਲਵਿੰਦਰ ਸਿੰਘ ਜਟਾਣਾ ਦੀ ਬਰਸੀ ਨੂੰ ਲੈ ਕੇ ਸ੍ਰੀ ਅਖੰਡ ਪਾਠ ਸਾਹਿਬ ਰੱਖੇ ਜਾਣਗੇ। ਜਿਨ੍ਹਾਂ ਦੇ ਭੋਗ ਚਾਰ ਸਤੰਬਰ ਨੂੰ ਪਾਏ ਜਾਣਗੇ ਅਤੇ ਜਿਸਦੀ ਅਰਦਾਸ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕੀਤੀ ਜਾਵੇਗੀ।
ਬੁਲਾਰੇ ਬਿੱਟੂ ਦਾ ਕਹਿਣਾ ਸੀ ਕਿ ਬਲਵਿੰਦਰ ਸਿੰਘ ਜਟਾਣਾ ਦੀ ਤਸਵੀਰ ਚਾਰ ਸਤੰਬਰ ਨੂੰ ਐਸਜੀਪੀਸੀ ਵੱਲੋਂ ਅਜਾਇਬ ਘਰ ਵਿਖੇ ਲਗਾਈ ਜਾਵੇ ਕਿਉਂਕਿ ਬਲਵਿੰਦਰ ਸਿੰਘ ਜਟਾਣਾ ਦੇ ਰੋਕੇ ਗਏ ਪੰਜਾਬ ਦੇ ਪਾਣੀ ਅੱਜ ਤੱਕ ਵੀ ਹਰਿਆਣਾ ਜਾਣ ਤੋਂ ਰੁਕੇ ਹੋਏ ਹਨ ਅਤੇ ਪੰਜਾਬ ਦੇ ਪਾਣੀਆਂ ਦੇ ਅਸਲੀ ਇਸ ਸੂਰਮੇ ਦੀ ਤਸਵੀਰ ਹੁਣ ਤੱਕ ਅਜਾਇਬ ਘਰ ਵਿੱਚ ਨਹੀਂ ਲਗਾਈ ਗਈ ਹੈ
ਉਨ੍ਹਾਂ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਅਪੀਲ ਕੀਤੀ ਕਿ 4 ਸਤੰਬਰ ਨੂੰ ਬਲਵਿੰਦਰ ਸਿੰਘ ਜਟਾਣਾ ਦੀ ਬਰਸੀ ਮੌਕੇ ਇਹ ਤਸਵੀਰ ਅਜਾਇਬ ਘਰ ਵਿਖੇ ਸੁਸ਼ੋਭਿਤ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਦਿਨ ਬਲਵਿੰਦਰ ਸਿੰਘ ਜਟਾਣਾ ਦਾ ਪਰਿਵਾਰ ਵੀ ਇੱਥੇ ਹੀ ਮੌਜੂਦ ਹੋਵੇਗਾ ਉਨ੍ਹਾਂ ਦੇ ਪਿੱਛੋਂ ਉਨ੍ਹਾਂ ਦੇ ਪਰਿਵਾਰ ਦੀ ਮੌਜੂਦਗੀ ਦੇ ਵਿੱਚ ਐੱਸਜੀਪੀਸੀ ਪ੍ਰਧਾਨ ਨੂੰ ਉਨ੍ਹਾਂ ਦੀ ਤਸਵੀਰ ਅਜਾਇਬ ਘਰ ਵਿਖੇ ਲਗਾਉਣ ਦੀ ਅਪੀਲ ਕੀਤੀ ਗਈ ਹੈ। ਵੇਖਣਾ ਹੋਵੇਗਾ ਕਿ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਐੱਸਜੀਪੀਸੀ ਇਸ ਬਾਰੇ ਆਪਣਾ ਕੀ ਫ਼ੈਸਲਾ ਲੈਂਦੇ ਹਨ।
ਇਹ ਵੀ ਪੜੋ: ਕੈਬਨਿਟ ਮੰਤਰੀ ਬਲਜੀਤ ਕੌਰ ਨੇ ਕਿਹਾ, ਮਨਪ੍ਰੀਤ ਬਾਦਲ ਖ਼ਿਲਾਫ਼ ਹੋਵੇਗੀ ਕਾਰਵਾਈ