ਅੰਮ੍ਰਿਤਸਰ: ਓਮ ਪ੍ਰਕਾਸ਼ ਤੋਂ ਅਮਰ ਸਿੰਘ ਬਣੇ ਨਿਹੰਗ ਸਿੰਘ ਬਾਣੇ ਵਾਲੇ ਨੇ ਹਿੰਦੂ ਤੋਂ ਸਿੱਖ ਬਣਨ ਦੀ ਆਪਣੀ ਦਾਸਤਾਂ ਸੁਣਾਈ। ਅਮਰ ਸਿੰਘ ਨੇ ਕਿਹਾ ਕਿ ਉਹ ਹਿੰਦੂ ਹੁੰਦੇ ਹੋਏ ਵੀ ਦਰਬਾਰ ਸਾਹਿਬ ਆਇਆ ਕਰਦੇ ਸਨ। ਉਨ੍ਹਾਂ ਦੇ ਪਿਤਾ ਵੱਲੋਂ ਦੱਸੀ ਕਹਾਣੀ ਤੋਂ ਬਾਅਦ ਉਨ੍ਹਾਂ ਨੇ ਸਿੱਖ ਬਣਨ ਦਾ ਫੈਸਲਾ ਕੀਤਾ।
ਕਿਉਂ ਬਣੇ ਹਿੰਦੂ ਤੋਂ ਸਿੱਖ?
ਬਾਬਾ ਅਮਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਹਿੰਦੂ ਹੋਣ ਮੌਕੇ ਦਰਬਾਰ ਸਾਹਿਬ ਆਇਆ ਕਰਦੇ ਸੀ ਤਾਂ ਉੱਥੇ ਲੱਗੇ ਦਰਵਾਜ਼ਿਆਂ ਬਾਰੇ ਉਨ੍ਹਾਂ ਦੇ ਪਿਤਾ ਦੱਸਦੇ ਹੁੰਦੇ ਸਨ ਕਿ ਭਾਰਤ ਦੇ ਮੰਦਰਾਂ ਦੇ ਇਹ ਦਰਵਾਜ਼ੇ ਅਹਿਮਦ ਸ਼ਾਹ ਅਬਦਾਲੀ ਲੁੱਟ ਕੇ ਆਪਣੇ ਨਾਲ ਲਿਜਾ ਰਿਹਾ ਸੀ, ਤਾਂ ਸਿੰਘਾਂ ਨੇ ਅਬਦਾਲੀ ਦਾ ਮੁਕਾਬਲਾ ਕਰਕੇ ਇਹ ਦਰਵਾਜ਼ੇ ਖੋਹ ਲਏ ਸਨ। ਉਸ ਤੋਂ ਬਾਅਦ ਜਦੋਂ ਸਿੱਖਾਂ ਨੇ ਦਰਵਾਜ਼ੇ ਪੰਡਤਾਂ ਨੂੰ ਦੇਣੇ ਚਾਹੇ ਤਾਂ ਉਨ੍ਹਾਂ ਕਿਹਾ ਕਿ ਇਹ ਪੱਟੇ ਗਏ, ਇਸ ਲਈ ਉਹ ਨਹੀਂ ਲੈਣਗੇ। ਬਾਦਸ਼ਾਹ ਦਾ ਮੁਕਾਬਲਾ ਕਰ ਦਰਵਾਜ਼ੇ ਖੋਹਣ ਕਰਕੇ ਉਹ ਸਿੱਖ ਕੌਮ ਤੋਂ ਬਹੁਤ ਪ੍ਰਭਾਵਿਤ ਹੋਏ ਤੇ ਜਦੋਂ 1978 ਵਿੱਚ ਨਿਰੰਕਾਰੀ ਕਾਂਡ ਵਾਪਰਿਆ ਤਾਂ ਉਨ੍ਹਾਂ ਨੇ ਕੇਸ ਰੱਖ ਲਏ ਅਤੇ ਫੇਰ ਅੰਮ੍ਰਿਤ ਛੱਕ ਲਿਆ।
1984 ਵਿੱਚ ਪਤਾ ਲੱਗਿਆ ਕਿ ਸਿੱਖ ਆਜ਼ਾਦ ਨਹੀਂ...
ਬਾਬਾ ਅਮਰ ਸਿੰਘ ਨੇ ਦੁਖੀ ਹਿਰਦੇ ਨਾਲ ਦੱਸਿਆ ਕਿ ਉਨ੍ਹਾਂ ਨੂੰ ਸਾਲ 1984 ਵਿੱਚ ਪਤਾ ਲੱਗਾ ਕਿ ਭਾਰਤ ਵਿੱਚ ਸਿੱਖ ਗੁਲਾਮ ਹਨ, ਕਿਉਂਕਿ ਹਿੰਦੂ ਸਮਾਜ 'ਚੋਂ ਸਿੱਖ ਬਨਣ ਕਰਕੇ ਉਨ੍ਹਾਂ ਦੀ ਕਈ ਵਾਰ ਸਖ਼ਤੀ ਨਾਲ ਪੁੱਛਗਿੱਛ ਹੋਈ ਕਿ ਤੂੰ ਸਿੱਖ ਕਿਉਂ ਬਣਿਆ? ਬਾਬਾ ਅਮਰ ਸਿੰਘ ਦਾ ਕਹਿਣਾ ਹੈ ਕਿ ਭਾਰਤ ਵਿੱਚ ਜਿਹੜਾ ਸਿੱਖ ਨਿਰੰਕਾਰੀ, ਨੂਰਮਹਿਲ, ਹੋਰ ਕਿਸੇ ਡੇਰੇ ਨਾਲ ਸਬੰਧਤ ਹੈ, ਉਹ ਸੁਰੱਖਿਅਤ ਹੈ ਤੇ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦੀ ਵਿਚਾਰਧਾਰਾ ਵਾਲਾ ਸਿੱਖ ਹੈ, ਉਹ ਸੁਰੱਖਿਅਤ ਨਹੀਂ।
ਸਿੱਖ ਨੌਜਵਾਨਾਂ ਨੂੰ ਸੰਦੇਸ਼
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸਿੱਖ ਬਣ ਕੇ ਬਹੁਤ ਆਨੰਦ ਆਇਆ ਤੇ ਉਹ ਅੱਜ ਦੇ ਨੌਜਵਾਨ ਜੋ ਸਿੱਖਾਂ ਦੇ ਘਰ ਜੰਮੇ ਹਨ, ਨੂੰ ਬੇਨਤੀ ਕਰਦੇ ਹਨ ਕਿ ਅੰਮ੍ਰਿਤ ਛਕ ਕੇ ਸਿੰਘ ਸਜੋ। ਬਾਬਾ ਅਮਰ ਸਿੰਘ ਨੇ ਕੌਮ ਅਤੇ ਸਿੱਖੀ ਸਿਧਾਂਤਾਂ 'ਤੇ ਕੋਝੇ ਹਮਲੇ ਕਰਨ ਵਾਲੇ ਲੋਕਾਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦਾ ਖ਼ੂਨ ਬਹੁਤ ਹੀ ਖੌਲਦਾ ਹੈ ਤਾਂ ਉਹ ਚੀਨ ਦੇ ਬਾਰਡਰ 'ਤੇ ਜਾ ਕੇ ਲੜਾਈ ਕਰਨ। ਪੰਜਾਬ ਵਿੱਚ ਸਾਰੇ ਭਾਈਚਾਰੇ ਅਮਨ ਸ਼ਾਤੀ ਨਾਲ ਰਹਿ ਰਹੇ ਹਨ।