ਅੰਮ੍ਰਿਤਸਰ: ਕੋਰੋਨਾ ਵਾਇਰਸ ਕਰਕੇ ਜਿੱਥੇ ਪੂਰੀ ਦੁਨੀਆਂ ਵਿੱਚ ਹਾਹਾਕਾਰ ਮੱਚੀ ਹੋਈ ਹੈ, ਉੱਥੇ ਭਾਰਤ ਵਿੱਚ ਵੀ ਜਨ-ਜੀਵਨ ਉਥਲ ਪੁਥਲ ਹੋਇਆ ਪਿਆ ਹੈ। ਕੋਰੋਨਾ ਕਰਕੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਸ਼ਹਿਰ ਦੇ ਬਾਜ਼ਾਰ ਸੁੰਨੇ ਪਏ ਹੋਏ ਹਨ। ਆਵਾਜਾਈ ਦੇ ਸਾਧਨ ਬੰਦ ਹੋਣ ਕਰਕੇ ਲੋਕ ਘਰਾਂ ਤੱਕ ਸੀਮਤ ਹੋ ਕੇ ਰਹਿ ਗਏ ਹਨ। ਪੂਰੇ ਦੇਸ਼ ਵਿੱਚ ਹੁਣ ਤੱਕ 258 ਦੇ ਕਰੀਬ ਵਿਅਕਤੀ ਕੋਰੋਨਾ ਵਾਇਰਸ ਪਾਜਿਟਿਵ ਪਾਏ ਗਏ ਅਤੇ ਪੰਜਾਬ ਵਿੱਚ ਇਹ ਗਿਣਤੀ 13 ਹੋ ਗਈ ਹੈ।
ਕੋਰੋਨਾ ਵਾਇਰਸ ਕਰਕੇ ਕਈ ਥਾਵਾਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਵੀ ਸਖ਼ਤਾਈ ਕੀਤੀ ਜਾ ਰਹੀ ਹੈ। ਇਸੇ ਤਹਿਤ ਹੀ ਗੁਰਦਾਸਪੁਰ ਵਿਖੇ ਅੱਜ ਸ਼ਾਮ 6 ਵਜੇ ਤੋਂ ਹੀ ਕਰਫਿਊ ਲੱਗ ਗਿਆ ਹੈ ਅਤੇ ਬੰਗਾ ਸ਼ਹਿਰ ਤਿੰਨ ਦਿਨ ਮੁਕੰਮਲ ਤੌਰ ਤੇ ਬੰਦ ਰਹੇਗਾ। ਬਠਿੰਡਾ ਵਿਖੇ ਪੇਲੈਸ ਮਾਲਕਾਂ 'ਤੇ ਵੱਧ ਇੱਕਠ ਕਰਨ ਲਈ ਮਾਮਲੇ ਦਰਜ ਹੋਏ ਹਨ। ਅਜਿਹੇ ਮੌਕੇ ਮਾਹੌਲ ਬਹੁਤ ਸਹਿਮ ਵਾਲਾ ਬਣਿਆ ਹੋਇਆ ਹੈ।
ਜਦੋਂ ਈਟੀਵੀ ਭਾਰਤ ਵੱਲੋਂ ਕੋਰੋਨਾ ਬਾਰੇ ਸ੍ਰੀ ਗੁਰੂ ਅਰਜਨ ਦੇਵ ਜੀ ਨਾਲ ਸਬੰਧਤ ਰੱਖਣ ਵਾਲੇ ਗੁਰਦੁਆਰਾ ਤਰਨਤਾਰਨ ਸਾਹਿਬ ਵਿਖੇ ਸ਼ਰਧਾਲੂਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਸਿਰਫ ਸਾਵਧਾਨੀ ਦੀ ਗੱਲ ਕੀਤੀ, ਕਿਸੇ ਕਿਸਮ ਦਾ ਕੋਈ ਡਰ ਨਹੀਂ ਹੈ।
ਕੋਵਿਡ-19: ਭਾਰਤ 'ਚ 283 ਮਾਮਲਿਆਂ ਦੀ ਪੁਸ਼ਟੀ
ਸ਼ਰਧਾਲੂਆਂ ਨੇ ਕਿਹਾ ਕਿ ਗੁਰੂ ਸਾਹਿਬ ਹੀ ਉਨ੍ਹਾਂ ਨੂੰ ਬਿਮਾਰੀਆਂ ਤੋਂ ਮੁਕਤ ਕਰਨ ਵਾਲੇ ਹਨ। ਇਸ ਲਈ ਸਾਵਧਾਨੀ ਸਿਰਫ ਰੱਖੀ ਜਾਵੇ ਨਾ ਕਿ ਕਿਸੇ ਕਿਸਮ ਦਾ ਡਰ।