ਅੰਮ੍ਰਿਤਸਰ: ਇੱਕ ਸਮਾਜ ਸੇਵੀ ਪ੍ਰੋਗਰਾਮ ਤਹਿਤ ਕੈਬਿਨੇਟ ਮੰਤਰੀ ਓਮ ਪ੍ਰਕਾਸ਼ ਸੋਨੀ ਅੰਮ੍ਰਿਤਸਰ ਪਹੁੰਚੇ। ਇਹ ਸਮਾਜ ਸੇਵੀ ਸਮਾਗਮ ਸਿਟੀਜਨ ਕੌਂਸਲ ਵੱਲੋਂ ਆਯੋਜਿਤ ਕੀਤਾ ਗਿਆ। ਇਥੇ ਉਨ੍ਹਾਂ ਦੀ ਮੌਜੂਦਗੀ 'ਚ 700 ਲੋੜਵੰਦ ਔਰਤਾਂ ਨੂੰ ਗਰਮ ਸੂਟ ਵੰਡੇ ਗਏ। ਇਸ ਦੌਰਾਨ ਕੈਬਿਨੇਟ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕੇਂਦਰ ਸਰਕਾਰ ਤੇ ਪੀਐਮ ਮੋਦੀ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕੇਂਦਰ ਸਰਕਾਰ ਕੋਲੋਂ ਕਿਸਾਨ ਵਿਰੋਧੀ ਖੇਤੀ ਕਾਨੂੰਨ ਰੱਦ ਕੀਤੇ ਜਾਣ ਦੀ ਮੰਗ ਕੀਤੀ
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਓਪੀ ਸੋਨੀ ਨੇ ਕਿਹਾ ਕਿ ਕੇਂਦਰ ਵਲੋਂ ਕਿਸਾਨਾਂ ਵਿਰੁੱਧ ਬਣਾਏ ਗਏ ਤਿੰਨੇ ਕਾਲੇ ਕਾਨੂੰਨ ਵਾਪਸ ਲਏ ਜਾਣੇ ਚਾਹੀਦੇ ਹਨ। ਇਸ ਤੋਂ ਬਿਨਾਂ ਕਿਸਾਨ ਨੂੰ ਕੁੱਝ ਪਰਵਾਨ ਨਹੀਂ ਹੈ ਤੇ ਨਾ ਹੀ ਇਹ ਕਾਨੂੰਨ ਦੇਸ਼ ਦੇ ਹਿੱਤ 'ਚ ਹਨ। ਇਸ ਮੌਕੇ ਕਿਸਾਨ ਸੰਘਰਸ਼ ਨੂੰ ਦੱਬਣ ਦੇ ਇਰਾਦੇ ਨਾਲ ਕੇਂਦਰ ਦੇ ਇਸ਼ਾਰਿਆਂ ਤੇ ਐਨਆਈਏ ਵਲੋ ਕਿਸਾਂਨਾਂ ਨੂੰ ਸੰਮਨ ਭੇਜਣੇ ਬੇਹਦ ਸ਼ਰਮਨਾਕ ਗੱਲ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਕੇਂਦਰ ਦੀ ਮੋਦੀ ਸਰਕਾਰ ਦੀਆਂ ਇਨ੍ਹਾਂ ਕੋਝੀਆਂ ਚਾਲਾਂ ਨੂੰ ਪੂਰਾ ਨਹੀਂ ਹੋਣ ਦਵੇਗੀ। ਕਾਂਗਰਸ ਇਸ ਦਾ ਵਿਰੋਧ ਜਾਰੀ ਰੱਖੇਗੀ।
ਇਸ ਤੋਂ ਇਲਾਵਾ ਅੰਮ੍ਰਿਤਸਰ ਸ਼ਹਿਰ ਦੇ ਵਿਕਾਸ ਕਾਰਜਾਂ ਬਾਰੇ ਗੱਲ ਕਰਿਦਆਂ ਸੋਨੀ ਨੇ ਕਿਹਾ ਕਿ ਸ਼ਹਿਰ 'ਚ ਲਗਾਤਾਰ ਵਿਕਾਸ ਕਾਰਜ ਜਾਰੀ ਹਨ। ਇਸ 'ਚ ਸ਼ਹਿਰ ਦੀਆਂ ਸ੍ਰਟੀਟ ਲਾਈਟਾਂ ਦਾ ਕੰਮ ਪੂਰੀ ਤਰ੍ਹਾਂ ਮੁਕੰਮਲ ਹੋ ਚੁੱਕਾ ਹੈ। ਇਸ ਤੋਂ ਇਲਾਵਾ ਹੋਰਨਾਂ ਵਿਕਾਸ ਕਾਰਜ ਦੋ ਤੋਂ ਤਿੰਨ ਮਹੀਨੀਆਂ ਦੇ ਅੰਦਰ ਪੂਰੇ ਹੋ ਜਾਣਗੇ। ਸੋਨੀ ਨੇ ਦੱਸਿਆ ਕਿ ਉਨ੍ਹਾਂ ਵਲੋਂ ਹਰ ਹਫ਼ਤੇ ਵਿਕਾਸ ਕਾਰਜਾਂ ਦਾ ਖੁਦ ਜਾਇਜ਼ਾ ਲਿਆ ਜਾ ਰਿਹਾ ਹੈ ਅਤੇ ਸਾਰੇ ਕੰਮ ਗੁਣਵਤਾ ਭਰਪੂਰ ਹੋਣਗੇ।
ਨਗਰ ਕੌਂਸਲ ਚੋਣਾਂ ਨੂੰ ਲੈ ਕੇ ਓਮ ਪ੍ਰਕਾਸ਼ ਸੋਨੀ ਨੇ ਕਿਹਾ ਕਿ ਵੱਡੀ ਗਿਣਤੀ 'ਚ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਦੇ ਕਈ ਪਰਿਵਾਰਾਂ ਨੇ ਕਾਂਗਰਸ 'ਚ ਸ਼ਮੂਲੀਅਤ ਕੀਤੀ ਹੈ। ਉਨ੍ਹਾਂ ਨਗਰ ਕੌਂਸਲ ਚੋਣਾਂ 'ਚ ਕਾਂਗਰਸ ਦੀ ਜਿੱਤ ਦਾ ਦਾਅਵਾ ਕੀਤਾ।
ਇਸ ਮੌਕੇ ਵਾਰਡ 70 ਦੇ ਕੌਂਸਲਰ ਵਿਕਾਸ ਸੋਨੀ ਨੇ ਕਿਹਾ ਕਿ ਵੋਟਾਂ ਦੋਰਾਨ ਜੋ ਵਾਅਦੇ ਲੋਕਾਂ ਨਾਲ ਕੀਤੇ ਸਨ ਉੁਹ ਸਾਰੇ ਪੂਰੇ ਕੀਤੇ ਜਾਣਗੇ । ਉਨ੍ਹਾਂ ਦੱਸਿਆ ਕਿ ਤਿੰਨੇ ਵਾਰਡਾਂ 'ਚ 9 ਪਾਰਕ ਬਣਾਏ ਜਾ ਰਹੇ ਹਨ , ਜ਼ਿੰਨ੍ਹਾਂ 'ਤੇ ਤੇਜੀ ਨਾਲ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਮਦਦ ਨਾਲ ਲਗਾਤਾਰ ਸ਼ਹਿਰ ਦੇ ਵਿਕਾਸ ਕਾਰਜ ਜਾਰੀ ਹਨ। ਇਸੇ ਕੜੀ ਤਹਿਤ ਅੱਜ ਇਲਾਕੇ 'ਚ 700 ਲੋੜਵੰਦ ਔਰਤਾਂ ਨੂੰ ਗਰਮ ਸੂਟ ਵੰਡੇ ਗਏ ਹਨ।