ਅੰਮ੍ਰਿਤਸਰ: ਪੰਜਾਬ ਪੁਲਿਸ ਦੀ ਸਟੇਟ ਆਪਰੇਸ਼ਨ ਸੈਲ ਨੇ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਇੱਕ ਹੋਰ ਅੱਤਵਾਦੀ ਨੂੰ ਫੜ੍ਹ ਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਇਸ ਅੱਤਵਾਦੀ ਦੀ ਪਛਾਣ ਸਾਜਨ ਪ੍ਰੀਤ ਵਜੋਂ ਹੋਈ ਹੈ। ਅੱਤਵਾਦੀ ਸਾਜਨ ਪ੍ਰੀਤ 'ਤੇ ਹਥਿਆਰਾਂ ਦੀ ਖੇਪ ਤੇ ਡਰੋਨ ਨੂੰ ਠਿਕਾਣੇ ਲਾਉਣ ਦਾ ਇਲਜ਼ਾਮ ਹਨ। ਜਾਣਕਾਰੀ ਮੁਤਾਬਕ ਸਾਜਨ ਪ੍ਰੀਤ ਨੂੰ ਖ਼ਾਲਸਾ ਕਾਲਜ ਦੇ ਨੇੜ੍ਹੇ ਤੋਂ ਫੜਿਆ ਗਿਆ ਹੈ। ਪੁਲਿਸ ਵੱਲੋਂ ਅੱਤਵਾਦੀ ਸਾਜਨ ਪ੍ਰੀਤ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪੰਜਾਬ ਪੁਲਿਸ ਨੇ ਪਾਕਿਸਤਾਨ ਅਤੇ ਜਰਮਨੀ ਸਥਿਤ ਅੱਤਵਾਦੀ ਸਮੂਹ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਅੱਤਵਾਦੀ ਮੌਡਿਊਲਜ਼ ਦਾ ਪਰਦਾਫਾਸ਼ ਕੀਤਾ ਸੀ। ਇਸ ਕਾਰਵਾਈ ਵਿੱਚ 4 ਦਹਿਸ਼ਤਗਰਦਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਨ੍ਹਾਂ ਤੋਂ ਤਲਾਸ਼ੀ ਦੌਰਾਨ ਏ ਕੇ 47 ਅਤੇ ਕਈ ਹੋਰ ਹਥਿਆਰ ਬਰਾਮਦ ਹੋਏ ਸਨ। ਫੜੇ ਗਏ ਅੱਤਵਾਦੀਆਂ ਕੋਲੋਂ ਪੰਜ ਏ ਕੇ 47, ਕਈ ਮੋਬਾਈਲ ਫੋਨ, ਸੈਟੇਲਾਈਟ ਫੋਨ, ਪਿਸਤੌਲ ਅਤੇ ਹੈਂਡ ਗ੍ਰੇਨੇਡ ਵੀ ਮਿਲੇ ਸਨ।
ਪੰਜਾਬ 'ਚ ਫੜ੍ਹੇ ਗਏ 4 ਅੱਤਵਾਦੀਆਂ ਦੀ ਪੇਸ਼ੀ ਅੱਜ
ਜਿਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਕੇਸ ਐਨਆਈਏ ਨੂੰ ਸੌਂਪਿਆ ਸੀ ਅਤੇ ਇਸ ਨਾਲ ਜੁੜੇ ਅੰਤਰਰਾਸ਼ਟਰੀ ਪਹਿਲੂਆਂ ਦੀ ਜਾਂਚ ਦੇ ਸਖ਼ਤ ਆਦੇਸ਼ ਦਿੱਤੇ ਸਨ। ਇਸਦੇ ਨਾਲ ਹੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਦਖਲਅੰਦਾਜ਼ੀ ਕਰਨ ਅਤੇ ਭਾਰਤੀ ਹਵਾਈ ਫ਼ੌਜ (ਆਈਏਐਫ) ਅਤੇ ਸਰਹੱਦੀ ਸੁਰੱਖਿਆ ਬਲ (ਬੀਐਸਐਫ) ਨੂੰ ਡਰੋਨਾਂ ਦੀ ਨਿਗਰਾਨੀ ਕਰਨ ਲਈ ਵੀ ਕਿਹਾ ਸੀ।