ਅੰਮ੍ਰਿਤਸਰ: ਤਹਿਸੀਲ ਅਜਨਾਲਾ ਦੇ ਪਿੰਡ ਟੇਡਾ ਕਲਾਂ ਦੇ ਪਸ਼ੂ ਵੀ ਲੰਪੀ ਸਕਿਨ ਬੀਮਾਰੀ ਦੀ ਚਪੇਟ ਵਿੱਚ ਆਉਣ ਲੱਗ ਪਏ ਹਨ। ਇਸ ਤੋਂ ਚਿੰਤਤ ਕਿਸਾਨ ਜਥੇਬੰਦੀਆਂ ਵੱਲੋਂ ਸਰਕਾਰ ਕੋਲੋ ਇਸ ਨਾਮੁਰਾਦ ਬੀਮਾਰੀ ਲਈ ਮੁਆਵਜਾ ਦੀ ਮੰਗ ਕੀਤੀ ਹੈ। ਕਿਰਤੀ ਕਿਸਾਨ ਯੂਨੀਅਨ ਵੱਲੋਂ ਵੀ ਮੰਗ ਕੀਤੀ ਗਈ ਹੈ ਕਿ ਅਜਨਾਲਾ ਦੇ ਨਾਲ ਲੱਗਦੇ ਪਿੰਡਾਂ ਵਿੱਚ ਇਸ ਬੀਮਾਰੀ ਨਾਲ ਬਹੁਤ ਨੁਕਸਾਨ ਹੋਇਆ ਹੈ। ਇਸ ਲਈ ਸਰਕਾਰ ਵੱਲੋਂ ਇਨ੍ਹਾਂ ਦੀ ਮਦਦ ਕੀਤੀ ਜਾਵੇ।
ਇਸ ਸਬੰਧੀ ਗਲਬਾਤ ਕਰਦਿਆਂ ਪੀੜਤ ਕਿਸਾਨ ਜਸਪਾਲ ਸਿੰਘ ਨੇ ਦੱਸਿਆ ਕਿ ਬੀਤੇ ਸਮੇਂ ਵਿੱਚ ਉਸ ਵੱਲੋਂ 3 ਲੱਖ ਰੁਪਏ ਲਗਾ ਆਪਣੀਆ ਗਊਆਂ ਵਾਸਤੇ ਸ਼ੈੱਡ ਬਣਾਇਆ ਸੀ, ਜਿਸ ਵਿੱਚ 10 ਦੇ ਕਰੀਬ ਗਊਆਂ ਰੱਖਿਆ ਹੋਇਆ ਸੀ। ਲੰਪੀ ਸਕਿਨ ਬੀਮਾਰੀ ਦੀ ਲਪੇਟ ਵਿੱਚ ਆਉਣ ਨਾਲ ਪਹਿਲਾਂ 3 ਗਊਆਂ ਬੀਮਾਰ ਹੋਇਆ ਜਿਨ੍ਹਾਂ ਦੇ ਇਲਾਜ ਵਿੱਚ ਇੱਕ ਲੱਖ ਦੇ ਕਰੀਬ ਖਰਚਾ ਆਇਆ। ਇਲਾਜ ਦੇ ਬਾਵਜੂਦ ਵੀ ਬੀਮਾਰੀ ਦੀ ਮਾਰ ਨਾ ਸਹਾਰਦੇ ਉਹ ਮਰ ਗਈਆ। ਜਿਸ ਨਾਲ ਮੇਰੇ ਤਿੰਨ ਲੱਖ ਦਾ ਨੁਕਸਾਨ ਹੋਇਆ ਹੈ ਅਤੇ ਹੁਣ ਮੇਰੀਆਂ ਬਾਕੀ ਗਾਵਾਂ ਵੀ ਇਸ ਬੀਮਾਰੀ ਦੀ ਲਪੇਟ ਵਿੱਚ ਆ ਸਾਡੇ ਸਾਹਮਣੇ ਦਮ ਤੋੜ ਰਹੀਆਂ ਹਨ। ਹੁਣ ਤੱਕ ਮੇਰਾ 10 ਲੱਖ ਦਾ ਨੁਕਸਾਨ ਹੋਇਆ ਹੈ ਅਤੇ ਮੈਂ ਪੁਰੀ ਤਰ੍ਹਾਂ ਨਾਲ ਉਜੜਨ ਦੇ ਕਗਾਰ ‘ਤੇ ਪਹੁੰਚ ਗਿਆ ਹਾਂ। ਇਸ ਮਹਾਂਮਾਰੀ ਦੇ ਸਮੇਂ ਸਾਨੂੰ ਮੁਆਵਜਾ ਦੇਣ ਤਾਂ ਜੋ ਅਸੀਂ ਆਪਣੇ ਪਰਿਵਾਰ ਨੂੰ ਪਾਲ ਸਕੀਏ।
ਉਧਰ ਇਸ ਮਸਲੇ ਵਿਚ ਕਿਸਾਨਾ ਦੇ ਹੱਕ ਵਿੱਚ ਨਿਤਰੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਜਤਿੰਦਰ ਸਿੰਘ ਛੀਨਾ ਨੇ ਦੱਸਿਆ ਕਿ ਇਸ ਲੰਪੀ ਸਕਿਨ ਬੀਮਾਰੀ ਕਾਰਨ ਛੋਟੇ ਕਿਸਾਨ ਕਾਫੀ ਪ੍ਰਭਾਵਿਤ ਹੋਏ ਹਨ। ਅਜਨਾਲਾ ਦੇ ਲਾਗਲੇ ਪਿੰਡਾਂ ਵਿੱਚ ਇਹ ਬੀਮਾਰੀ ਬੜੀ ਤੇਜੀ ਨਾਲ ਫੈਲ ਰਹੀ ਹੈ। ਜਿਸ ਕਾਰਨ ਕਿਸਾਨਾਂ ਦਾ ਲੱਖਾਂ ਰੁਪਈਆਂ ਦਾ ਨੁਕਸਾਨ ਹੋ ਰਿਹਾ ਹੈ। ਪਰਿਵਾਰਕ ਮੈਬਰਾਂ ਵਾਂਗ ਪਾਲੇ ਇਹ ਪਸ਼ੂ ਬੀਮਾਰੀ ਦੀ ਭੇਟ ਚੜ੍ਹ ਰਹੇ ਹਨ ਅਸੀਂ ਪੰਜਾਬ ਸਰਕਾਰ ਕੋਲੋਂ ਮੰਗ ਕਰਦੇ ਹਾਂ ਕਿ ਉਹ ਇਨ੍ਹਾਂ ਕਿਸਾਨਾਂ ਦੀ ਮਦਦ ਲਈ ਅੱਗੇ ਆਵੇ ਅਤੇ ਇਨ੍ਹਾਂ ਨੂੰ ਮੁਆਵਜਾ ਦੇਵੇ।
ਇਹ ਵੀ ਪੜ੍ਹੋ: ਫਰੀਦਕੋਟ 'ਚ ਲੰਪੀ ਸਕਿਨ ਦੇ 5700 ਤੋਂ ਵੱਧ ਮਾਮਲੇ, ਲੋਕਾਂ 'ਚ ਦਹਿਸ਼ਤ !