ਅੰਮ੍ਰਿਤਸਰ: ਦੱਖਣੀ ਕੋਰੀਆ ਦੇ ਰਾਜਦੂਤ ਸ਼ਿਨ ਬੋਂਗਕਿਲ ਅਤੇ ਉਨ੍ਹਾਂ ਦੀ ਪਤਨੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਪਹਿਲਾਂ ਉਹ ਸੂਚਨਾ ਕੇਂਦਰ ਪਹੁੰਚੇ ਜਿੱਥੇ ਸੂਚਨਾ ਅਧਿਕਾਰੀ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਦਰਬਾਰ ਸਾਹਿਬ, ਲੰਗਰ ਪ੍ਰਥਾ ਆਦਿ ਬਾਰੇ ਜਾਣਕਾਰੀ ਦਿੱਤੀ।
ਦੱਖਣੀ ਕੋਰੀਆ ਦੇ ਰਾਜਦੂਤ ਸ਼ਿਨ ਬੋਂਗਕਿਲ ਵੱਲੋਂ ਆਪਣੀ ਪਤਨੀ ਨਾਲ ਦਰਬਾਰ ਸਾਹਿਬ ਮੱਥਾ ਟੇਕਿਆ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਕੇ ਉਹ ਭਾਵੁਕ ਹੋ ਗਏ ਤੇ ਲੋਕਾਂ ਦੀ ਸ਼ਰਧਾ ਨੂੰ ਦੇਖ ਕੇ ਉਨ੍ਹਾਂ ਨੂੰ ਬਹੁਤ ਚੰਗਾ ਮਹਿਸੂਸ ਹੋਇਆ। ਇਸ ਤੋਂ ਬਾਅਦ ਉਹ ਲੰਗਰ ਵਿੱਚ ਵੀ ਗਏ। ਇਸ ਮੌਕੇ ਉਨ੍ਹਾਂ ਦੇ ਨਾਲ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਅਤੇ ਜ਼ਿਲ੍ਹਾ ਪ੍ਰਸ਼ਾਸਨ ਅਧਿਕਾਰੀ ਵੀ ਮੌਜੂਦ ਸਨ।
ਇਹ ਵੀ ਪੜ੍ਹੋ: ਗੁਪਤ ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਸ਼ਰਧਾਲੂਆਂ ਤੋਂ ਕੀਤੀ ਪੁੱਛਗਿੱਛ: ਕੈਪਟਨ ਅਮਰਿੰਦਰ ਸਿੰਘ
ਸ਼ਿਨ ਬੋਂਗਕਿਲ ਨੇ ਕਿਹਾ ਕਿ ਉਨ੍ਹਾਂ ਨੂੰ ਇੱਥੇ ਪਹੁੰਚ ਕੇ ਬਹੁਤ ਖੁਸ਼ੀ ਮਿਲੀ ਹੈ, ਜਿਸ ਨੂੰ ਉਹ ਲਫ਼ਜ਼ਾਂ ਵਿੱਚ ਬਿਆਨ ਨਹੀਂ ਕਰ ਸਕਦੇ। ਉਨ੍ਹਾਂ ਇਹ ਵੀ ਕਿਹਾ ਕਿ ਉਹ ਜਦੋਂ ਵੀ ਭਾਰਤ ਆਉਣਗੇ ਤਾਂ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ ਜ਼ਰੂਰ ਕਰਿਆ ਕਰਨਗੇ।