ਨਵੀਂ ਦਿੱਲੀ: ਸੋਮਵਾਰ ਨੂੰ ਲਗਾਤਾਰ 7ਵੇਂ ਦਿਨ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਦੱਸ ਦਈਏ ਕਿ ਦੇਸ਼ ਦੀਆਂ ਸਰਕਾਰੀ ਤੇਲ ਕੰਪਨੀਆਂ ਨੇ ਜੂਨ ਵਿੱਚ ਲਗਾਤਾਰ 21 ਦਿਨ ਕੀਮਤਾਂ ਵਿੱਚ ਵਾਧਾ ਕਰਕੇ ਰਿਕਾਰਡ ਕਾਇਮ ਕੀਤਾ ਸੀ। ਉਸ ਸਮੇਂ ਅੰਤਰਰਾਸ਼ਟਰੀ ਤੇਲ ਬਾਜ਼ਾਰ ਵਿੱਚ ਕੱਚੇ ਤੇਲ ਦੀ ਕੀਮਤ ਵੀ ਮੰਦੀ ਸੀ। ਇਸ ਦੀ ਭਰਪਾਈ ਲਈ ਅੱਜ ਲਗਾਤਾਰ 7ਵੇਂ ਦਿਨ ਇਨ੍ਹਾਂ ਕੰਪਨੀਆਂ ਨੇ ਘਰੇਲੂ ਬਜ਼ਾਰ ਵਿੱਚ ਪੈਟਰੋਲ-ਡੀਜ਼ਲ ਦੀ ਕੀਮਤ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਹੈ।
ਲਗਾਤਾਰ ਇੱਕ ਹਫ਼ਤੇ ਤੋਂ ਰਾਹਤ
ਪਿਛਲੇ ਮਹੀਨੇ ਲਗਾਤਾਰ 21 ਦਿਨ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਤੋਂ ਬਾਅਦ ਹੁਣ ਲੋਕਾਂ ਨੂੰ ਥੋੜ੍ਹੀ ਰਾਹਤ ਮਿਲੀ ਹੈ। ਪਿਛਲੇ ਹਫ਼ਤੇ ਦੇ ਪਹਿਲੇ ਦਿਨ ਯਾਨੀ ਕਿ ਸੋਮਵਾਰ ਨੂੰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਸੀ। ਉਸ ਤੋਂ ਬਾਅਦ ਅੱਜ ਲਗਾਤਾਰ 7ਵੇਂ ਦਿਨ ਕੀਮਤਾਂ ਸਥਿਰ ਹਨ।
ਇਹ ਵੀ ਪੜ੍ਹੋ: ਹੀਰੋ ਸਾਈਕਲਜ਼ ਨੇ ਚੀਨ ਨਾਲ 900 ਕਰੋੜ ਦਾ ਵਪਾਰਕ ਸਮਝੌਤਾ ਕੀਤਾ ਰੱਦ
ਦਿੱਲੀ ਵਿੱਚ ਅੱਜ ਯਾਨੀ 6 ਜੁਲਾਈ ਨੂੰ ਪੈਟਰੋਲ ਦੀ ਕੀਮਤ 80.43 ਰੁਪਏ ਅਤੇ ਡੀਜ਼ਲ 80.53 ਰੁਪਏ 'ਤੇ ਹੀ ਸਥਿਰ ਹੈ। ਦੱਸ ਦਈਏ ਕਿ ਜੂਨ ਵਿੱਚ ਡੀਜ਼ਲ ਦੀਆਂ ਕੀਮਤਾਂ 11.23 ਰੁਪਏ ਅਤੇ ਪੈਟਰੋਲ ਦੀਆਂ ਕੀਮਤਾਂ 9.17 ਰੁਪਏ ਵਧੀਆਂ ਸਨ।