ਇਹ ਸ਼ਬਦ ਇਸ ਪ੍ਰਕਾਰ ਹਨ:
1. ਜੀਡੀਪੀ ਯਾਨਿ ਕਿ ਸਕਲ ਘਰੇਲੂ ਉਤਪਾਦ
ਇੱਕ ਸਾਲ ਵਿੱਚ ਉਤਪਾਦਨ ਕੀਤੀਆਂ ਵਸਤਾਂ ਅਤੇ ਸੇਵਾਵਾਂ ਦੇ ਸੰਯੁਕਤ ਬਾਜ਼ਾਰ ਮੁੱਲ ਨੂੰ ਜੀਡੀਪੀ ਕਿਹਾ ਜਾਂਦਾ ਹੈ। ਕਿਉਂਕਿ ਇਸ ਤੋਂ ਬਾਜ਼ਾਰ ਦੇ ਵਿਕਾਸ ਦੀ ਗਤੀ ਦਾ ਪਤਾ ਚੱਲਦਾ ਹੈ, ਇਸ ਲਈ ਇਸ ਨੂੰ ਅਰਥ-ਵਿਵਸਥਾ ਦਾ ਸੂਚਕ ਵੀ ਕਿਹਾ ਜਾਂਦਾ ਹੈ।
2. ਵਿੱਤੀ ਘਾਟਾ ਯਾਨਿ ਕਿ ਫ਼ਿਸਕਲ ਡੈਫ਼ੀਸ਼ਿਟ
ਸਰਕਾਰ ਦੇ ਖ਼ਰਚਿਆਂ ਅਤੇ ਆਮਦਨੀ ਦੇ ਅੰਤਰ ਨੂੰ ਵਿੱਤੀ ਘਾਟਾ ਜਾਂ ਬਜਟ ਘਾਟਾ ਕਿਹਾ ਜਾਂਦਾ ਹੈ। ਇਸ ਤੋਂ ਪਤਾ ਚੱਲਦਾ ਹੈ ਕਿ ਸਰਕਾਰ ਨੂੰ ਆਪਣੇ ਕੰਮਕਾਜ ਨੂੰ ਚਲਾਉਣ ਵਾਸਤੇ ਕਿੰਨੇ ਉਧਾਰ ਦੀ ਲੋੜ ਪਵੇਗੀ। ਕੁੱਲ ਮਾਲੀਆ ਦਾ ਹਿਸਾਬ-ਕਿਤਾਬ ਲਾਉਣ ਲਈ ਉਧਾਰ ਨੂੰ ਇਸ ਵਿੱਚ ਸ਼ਾਮਿਲ ਨਹੀਂ ਕੀਤਾ ਜਾਂਦਾ ਹੈ।
3. ਵਿੱਤੀ ਬਿੱਲ
ਵਿੱਤੀ ਬਿੱਲ ਉਹ ਬਿੱਲ ਹੁੰਦਾ ਹੈ, ਜਿਸ ਰਾਹੀਂ ਆਮ ਬਜਟ ਨੂੰ ਪੇਸ਼ ਕੀਤਾ ਜਾਂਦਾ ਹੈ। ਵਿੱਤ ਮੰਤਰੀ ਸਰਕਾਰੀ ਆਮਦਨੀ ਵਿੱਚ ਵਾਧੇ ਦੇ ਵਿਚਾਰ ਨੂੰ ਲੈ ਕੇ ਨਵੇਂ ਕਰਾਂ ਵਿੱਚ ਪ੍ਰਸਤਾਵ ਨੂੰ ਪੇਸ਼ ਕਰਦੇ ਹਨ। ਇਸ ਦੇ ਨਾਲ ਹੀ ਵਿੱਤੀ ਬਿੱਲ ਵਿੱਚ ਕਰਾਂ ਵਿੱਚ ਕਿਸੇ ਵੀ ਪ੍ਰਕਾਰ ਦੀ ਸੋਧ ਦਾ ਵੀ ਪ੍ਰਸਤਾਵ ਹੁੰਦਾ ਹੈ। ਸੰਸਦ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਇਸ ਨੂੰ ਲਾਗੂ ਕੀਤਾ ਜਾਂਦਾ ਹੈ।
4. ਪ੍ਰਤੱਖ ਕਰ
ਪ੍ਰਤੱਖ ਕਰ ਉਹ ਕਰ ਹੁੰਦੇ ਹਨ ਜੋ ਵਿਅਕਤੀਆਂ ਅਤੇ ਸੰਗਠਨਾਂ ਨੂੰ ਕਿਸੇ ਵੀ ਸਰੋਤਾਂ ਤੋਂ ਮਿਲੀ ਆਮਦਨੀ ਉੱਤੇ ਲਾਇਆ ਜਾਂਦਾ ਹੈ। ਜਿਵੇਂ ਕਿ ਆਮਦਨ ਕਰ, ਕਾਰਪੋਰੇਟ ਕਰ ਆਦਿ ਪ੍ਰਤੱਖ ਕਰ ਦੀਆਂ ਉਦਾਹਰਣਾਂ ਹਨ।
5. ਅਪ੍ਰਤੱਖ ਕਰ
ਅਪ੍ਰਤੱਖ ਕਰ ਉਹ ਕਰ ਹੁੰਦੇ ਹਨ, ਜਿਹੜੇ ਗਾਹਕਾਂ ਵੱਲੋਂ ਵਸਤੂਆਂ ਦੀ ਖ਼ਰੀਦਦਾਰੀ ਕਰਨ ਅਤੇ ਸੇਵਾਵਾਂ ਦੀ ਵਰਤੋਂ ਕਰਨ ਦੌਰਾਨ ਉਨ੍ਹਾਂ ਉੱਤੇ ਲਾਇਆ ਜਾਂਦਾ ਹੈ। ਜੀਐੱਸਟੀ, ਐਕਸਾਈਜ਼ ਡਿਊਟੀ ਆਦਿ ਅਪ੍ਰਤੱਖ ਕਰ ਹੀ ਹਨ।
6. ਕਸਟਮ ਡਿਊਟੀ
ਸੀਮਾ ਕਰ ਉਹ ਕਰ ਜੋ ਕਿਸੇ ਦੇਸ਼ ਵਿੱਚ ਦੂਸਰੇ ਦੇਸ਼ ਤੋਂ ਆਯਾਤ ਹੋਣ ਵਾਲੀਆਂ ਵਸਤੂਆਂ ਉੱਤੇ ਲਾਇਆ ਜਾਂਦਾ ਹੈ।
7. ਵਿੱਤ ਨੀਤੀ
ਵਿੱਤ ਨੀਤੀ ਇੱਕ ਅਜਿਹੀ ਨੀਤੀ ਹੁੰਦੀ ਹੈ ਜੋ ਸਰਕਾਰ ਦੀ ਆਮਦਨੀ, ਜਨਤਕ ਖ਼ਰਚੇ, ਰੱਖਿਆ, ਸੜਕਾਂ, ਸਿਹਤ, ਸਿੱਖਿਆ, ਬਿਜਲੀ ਅਤੇ ਪਾਣੀ ਆਦਿ, ਕਰਾਂ ਦੀ ਦਰਾਂ, ਜਨਤਕ ਕਰਜ਼ੇ, ਘਾਟੇ ਦੀ ਵਿੱਤ ਵਿਵਸਥਾ ਨਾਲ ਸਬੰਧਿਤ ਹੁੰਦੀ ਹੈ।
8. ਚੁੰਗੀ
ਚੁੰਗੀ ਜਾਂ ਸੈੱਸ ਇੱਕ ਅਜਿਹਾ ਉਪ-ਕਰ ਜਿਸ ਨੂੰ ਕਰ ਦੇ ਉੱਪਰ ਕਿਸੇ ਖ਼ਾਸ ਉਦੇਸ਼ ਲਈ ਪੈਸਾ ਇਕੱਠਾ ਕਰਨ ਦੇ ਲਈ ਲਾਇਆ ਜਾਂਦਾ ਹੈ। ਸਵੱਛ ਭਾਰਤ ਸੈੱਸ, ਗਊ ਸੈੱਸ, ਸਿਹਤ ਵਾਤਾਵਰਣ ਸੈੱਸ ਆਦਿ ਚੁੰਗੀ ਜਾਂ ਸੈੱਸ ਹੀ ਹੈ।
9. ਸਬਸਿਡੀ
ਸਰਕਾਰ ਵੱਲੋਂ ਵਿਅਕਤੀ ਜਾਂ ਕਿਸੇ ਸੰਗਠਨ ਨੂੰ ਨਕਦੀ ਜਾਂ ਟੈਕਸ ਦੇ ਰੂਪ ਵਿੱਚ ਦਿੱਤੀ ਜਾਣ ਵਾਲੀ ਛੋਟ ਨੂੰ ਸਬਸਿਡੀ ਕਿਹਾ ਜਾਂਦਾ ਹੈ। ਭਾਰਤ ਵਿੱਚ ਇਸ ਦੀ ਵਰਤੋਂ ਲੋਕ-ਹਿੱਤਾਂ ਲਈ ਕੀਤੀ ਜਾਂਦੀ ਹੈ।