ਨਵੀਂ ਦਿੱਲੀ: ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਅਮਿਤਾਭ ਕਾਂਤ ਨੇ ਮੰਗਲਵਾਰ ਨੂੰ ਕਿਹਾ ਕਿ ਸਰਕਾਰ ਨੇ ਵਿੱਤੀ ਅਤੇ ਆਰਥਿਕ ਮੋਰਚੇ ‘ਤੇ ਅਹਿਮ ਸੁਧਾਰ ਨੂੰ ਅੱਗੇ ਵਧਾਇਆ ਹੈ। ਇਹ ਵਿਕਾਸ ਅਤੇ ਖੁਸ਼ਹਾਲੀ ਦੇ ਨਵੇਂ ਯੁੱਗ ਦੀ ਸ਼ੁਰੂਆਤ ਹੋਵੇਗੀ।
ਉਨ੍ਹਾਂ ਖੋਜ ਅਤੇ ਵਿਕਾਸ 'ਤੇ ਖਰਚ ਵਧਾਉਣ ਅਤੇ ਬੌਧਿਕ ਜਾਇਦਾਦ ਅਧਿਕਾਰ (ਆਈਪੀਆਰ) ਐਕਟ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ। ਕਾਂਤ ਨੇ ਕਿਹਾ, “ਸਰਕਾਰ ਨੇ ਆਰਥਿਕ ਅਤੇ ਵਿੱਤੀ ਮੋਰਚੇ ਵਿੱਚ ਜੋ ਸੁਧਾਰ ਕੀਤੇ, ਉਹ ਬੇਮਿਸਾਲ ਹਨ। ਇਸ ਨਾਲ ਵਿਕਾਸ ਅਤੇ ਖੁਸ਼ਹਾਲੀ ਦਾ ਨਵਾਂ ਯੁੱਗ ਦੀ ਸ਼ੁਰੂਆਤ ਹੋਵੇਗੀ। ”
ਸੀਆਈਆਈ ਦੇ ਵਰਚੁਅਲ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਿਹਾ, "ਅਸੀਂ ਰਾਜਾਂ ਨੂੰ ਕਾਰੋਬਾਰ ਕਰਨ ਦੀ ਸੌਖ 'ਤੇ ਪ੍ਰਤੀਯੋਗੀ ਬਣਾ ਰਹੇ ਹਾਂ। ਅਸੀਂ ਇਸ ਮਾਮਲੇ ਵਿੱਚ ਰਾਜਾਂ ਨੂੰ ਰੈਂਕਿੰਗ ਦੇ ਰਹੇ ਹਾਂ। ਉਨ੍ਹਾਂ ਦੀਆਂ ਕਮੀਆਂ ਬਾਰੇ ਦੱਸਿਆ ਜਾ ਰਿਹਾ ਹੈ ਤਾਂ ਜੋ ਚੀਜ਼ਾਂ ਠੀਕ ਕੀਤੀਆਂ ਜਾ ਸਕਣ।”
ਹਾਲ ਹੀ ਦੇ ਸਮੇਂ ਵਿੱਚ ਸਰਕਾਰ ਦੇ ਕੀਤੇ ਸੁਧਾਰਾਂ ਦਾ ਜ਼ਿਕਰ ਕਰਦਿਆਂ ਕਾਂਤ ਨੇ ਕਿਹਾ ਕਿ ਜਦੋਂ ਕਿ ਵਿਸ਼ਵ ਆਰਥਿਕ ਵਿਕਾਸ ਵਿੱਚ ਗਿਰਾਵਟ ਵੱਲ ਝੁੱਕ ਰਿਹਾ ਹੈ, ਭਾਰਤ ਨੇ ਖੇਤੀਬਾੜੀ, ਕਿਰਤ ਅਤੇ ਖਣਨ ਵਿੱਚ ਮਹੱਤਵਪੂਰਨ ਸੁਧਾਰਾਂ ਨੂੰ ਅੱਗੇ ਵਧਾਇਆ। ਉਨ੍ਹਾਂ ਨੇ ਕਿਹਾ, “ਲੇਬਰ ਸੁਧਾਰਾਂ ਨਾਲ ਭਾਰਤ ਨੂੰ ਇੱਕ ਨਿਰਮਾਣ ਕੇਂਦਰ ਬਣਾਉਣ ਵਿੱਚ ਮਦਦ ਮਿਲੇਗੀ। ਭਾਰਤ ਨੇ ਗਲੋਬਲ ਇਨੋਵੇਸ਼ਨ ਇੰਡੈਕਸ ਵਿੱਚ ਵੀ ਆਪਣੀ ਰੈਂਕਿੰਗ ਵਿੱਚ ਸੁਧਾਰ ਕੀਤਾ ਹੈ।”
ਨੀਤੀ ਆਯੋਗ ਦੇ ਸੀਈਓ ਨੇ ਕਿਹਾ ਕਿ ਗਲੋਬਲ ਪੱਧਰ 'ਤੇ ਚੁਣੌਤੀਆਂ ਦੇ ਬਾਵਜੂਦ, ਭਾਰਤ ਵਿਚ ਐਫਡੀਆਈ 2013-14 ਵਿੱਚ 36 ਅਰਬ ਡਾਲਰ ਤੋਂ ਵੱਧ ਕੇ 2019-20 ਵਿੱਚ 74 ਬਿਲੀਅਨ ਹੋ ਗਈ ਹੈ। ਉਨ੍ਹਾਂ ਕਿਹਾ ਕਿ ਵਿਕਾਸ ਲਈ ਬੁਨਿਆਦੀ ਢਾਂਚਾ ਮਹੱਤਵਪੂਰਨ ਹੈ।