ਨਵੀਂ ਦਿੱਲੀ: ਨਿੱਜੀ ਖੇਤਰ ਦੇ ਯੈੱਸ ਬੈਂਕ ਨੇ ਡਿਸ਼ ਟੀਵੀ ਦੀ 24 ਫ਼ੀਸਦੀ ਤੋਂ ਜ਼ਿਆਦਾ ਹਿੱਸੇਦਾਰੀ ਦੀ ਮਲਕਿਅਤ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਯੈੱਸ ਬੈਂਕ ਨੇ ਸ਼ਨਿਚਰਵਾਰ ਨੂੰ ਡਿਸ਼ ਟੀਵੀ ਦੇ ਇੰਨ੍ਹਾਂ ਸ਼ੇਅਰਾਂ ਨੂੰ ਆਪਣੇ ਕਬਜ਼ੇ ਵਿੱਚ ਲਿਆ ਹੈ।
ਬੈਂਕ ਨੇ ਕਿਹਾ ਕਿ ਡੀਟੀਐੱਚ ਸੇਵਾ ਦੇਣ ਵਾਲੀ ਕੰਪਨੀ ਡਿਸ਼ ਟੀਵੀ ਅਤੇ ਕੁੱਝ ਹੋਰ ਕੰਪਨੀਆਂ ਨੇ ਇਹ ਸ਼ੇਅਰ ਕਰਜ਼ ਦੇ ਬਦਲੇ ਗਿਰਵੀ ਰੱਖੇ ਸਨ। ਕਰਜ਼ ਨਾ ਅਦਾ ਕਰਨ ਦੇ ਬਦਲੇ ਯੈੱਸ ਬੈਂਕ ਨੇ ਇੰਨ੍ਹਾਂ ਸ਼ੇਅਰਾਂ ਦੀ ਮਲਕਿਅਤ ਲੈ ਲਈ ਹੈ।
ਬੈਂਕ ਨੇ ਸ਼ੇਅਰ ਬਜ਼ਾਰਾਂ ਨੂੰ ਦੱਸਿਆ ਕਿ 24.19 ਫ਼ੀਸਦ ਹਿੱਸੇਦਾਰੀ ਨੂੰ ਆਪਣੇ ਨਾਂਅ ਕਰ ਲਿਆ ਹੈ। ਬੈਂਕ ਨੇ ਕਿਹਾ ਕਿ ਇਹ 44,53,48,990 ਸ਼ੇਅਰ ਹਨ। ਜਾਣਕਾਰੀ ਮੁਤਾਬਕ ਡਿਸ਼ ਟੀ.ਵੀ ਇੰਡੀਆ ਲਿਮਟਿਡ ਆਪਣੇ ਲਏ ਗਏ ਕਰਜ਼ੇ ਦਾ ਯੈੱਸ ਬੈਂਕ ਨੂੰ ਸਮੇਂ ਦੇ ਅੰਦਰ ਭੁਗਤਾਨ ਕਰਨ ਤੋਂ ਅਸਮਰੱਥ ਰਿਹਾ, ਜਿਸ ਤੋਂ ਬਾਅਦ ਬੈਂਕ ਨੇ ਕੰਪਨੀ ਦੇ ਸ਼ੇਅਰਾਂ ਨੂੰ ਆਪਣੇ ਅਧੀਨ ਕਰ ਲਿਆ ਹੈ।
ਬੈਂਕ ਨੇ ਦੱਸਿਆ ਕਿ ਇਸ ਤੋਂ ਇਲਾਵਾ ਐੱਸੈੱਲ ਬਿਜਨਸ ਐਕਸੀਲੈਂਸ ਸਰਵਿਸੀਜ਼, ਐਸੈੱਲ ਕਾਰਪੋਰੇਟ ਰਿਸੋਰਸਜ਼, ਲਿਵਿੰਗ ਐਂਟਰਟੇਨਮੈਂਟ ਇੰਟਰਪ੍ਰਾਇਜ਼ਜ਼, ਲਾਸਟ ਮਾਇਲ ਆਨਲਾਇਨ, ਪੈਨ ਇੰਡੀਆ ਨੈਟਵਰਕ ਇੰਫ੍ਰਾਸਟ੍ਰਕੱਚਰ, ਆਰਪੀਡਬਲਿਊ ਪ੍ਰਾਜੈਕਟਸ ਪ੍ਰਾਇਵੇਟ, ਮੁੰਬਈ ਡਬਲਿਊਟੀਆਰ ਅਤੇ ਪੈਨ ਇੰਡੀਆ ਇੰਫ੍ਰਾਪੋਜੈਕਟਸ ਨੂੰ ਦਿੱਤੇ ਗਏ ਕਰਜ਼ ਦੀਆਂ ਕਿਸ਼ਤਾਂ ਦੇ ਭੁਗਤਾਨ ਵਿੱਚ ਦੇਰੀ ਹੋਈ ਹੈ।
ਇਹ ਕੰਪਨੀਆਂ ਸੁਭਾਸ਼ ਚੰਦਰਾ ਦੀ ਅਗਵਾਈ ਵਾਲੇ ਐਸੈੱਸ ਸਮੂਹ ਦਾ ਹੀ ਹਿੱਸਾ ਹਨ।
ਪੀਟੀਆਈ