ਮੁੰਬਈ: ਫ਼ਿਊਚਰ ਗਰੁੱਪ ਦੇ ਸੌਦੇ ਦੇ ਮਾਮਲੇ ਵਿੱਚ ਭਾਰਤੀ ਕੰਪੀਟੀਸ਼ਨ ਕਮਿਸ਼ਨ (ਸੀਸੀਆਈ) ਦੀ ਹਰੀ ਝੰਡੀ ਤੋਂ ਬਾਅਦ ਰਿਲਾਇੰਸ ਦੇ ਸ਼ੇਅਰ ਵਿੱਚ ਸੋਮਵਾਰ ਨੂੰ ਤਿੰਨ ਫ਼ੀਸਦੀ ਤੋਂ ਜ਼ਿਆਦਾ ਦੀ ਤੇਜ਼ੀ ਆਈ। ਰਿਲਾਇੰਸ ਇੰਡਸਟਰੀਜ਼ ਲਿਮਟਿਡ (ਆਰਆਈਐਲ) ਵੱਲੋਂ ਫ਼ਿਊਚਰ ਗਰੁੱਪ ਦੇ ਖੁਦਰਾ ਕਾਰੋਬਾਰ ਦੇ ਪ੍ਰਸਤਾਵਿਤ ਸੌਦੇ ਨੂੰ ਸੀਸੀਆਈ ਨੇ ਮਨਜੂਰੀ ਦੇ ਦਿੱਤੀ ਹੈ।
ਬੰਬਈ ਸਟਾਕ ਐਕਸਚੇਂਜ (ਬੀਐਸਈ) 'ਤੇ ਰਿਲਾਇੰਸ ਦੇ ਸ਼ੇਅਰ ਦਾ ਭਾਅ ਦੁਪਹਿਰ 12:13 ਵਜੇ ਲੰਘੇ ਸੈਸ਼ਨ ਤੋਂ 61.50 ਰੁਪਏ ਭਾਵ 3.24 ਫੀਸਦੀ ਦੀ ਤੇਜ਼ੀ ਨਾਲ 1961 ਰੁਪਏ ਪ੍ਰਤੀ ਸ਼ੇਅਰ 'ਤੇ ਸਥਿਰ ਸੀ, ਜਦਕਿ ਇਸਤੋਂ ਪਹਿਲਾਂ ਰਿਲਾਇੰਸ ਦੇ ਸ਼ੇਅਰ ਦਾ ਭਾਵ ਕਾਰੋਬਾਰ ਦੌਰਾਨ 1970 ਰੁਪਏ ਪ੍ਰਤੀ ਸ਼ੇਅਰ ਤੱਕ ਉਛਲਿਆ।
ਰਿਲਾਇੰਸ ਦੇ ਨਾਲ-ਨਾਲ ਫ਼ਿਊਚਰ ਰਿਟੇਲ ਦੇ ਸ਼ੇਅਰ ਵਿੱਚ ਵੀ ਉਛਾਲ ਆਇਆ। ਫ਼ਿਊਚਰ ਗਰੁੱਪ ਦੇ ਸ਼ੇਅਰ ਦਾ ਭਾਅ ਨੈਸ਼ਨਲ ਸਟਾਫ਼ ਐਕਸਚੇਂਜ (ਐਨਐਸਈ) ਲੰਘੇ ਸੈਸ਼ਨ ਤੋਂ 7.20 ਰੁਪਏ ਭਾਵ 9.99 ਫ਼ੀਸਦੀ ਦੀ ਤੇਜ਼ੀ ਦੇ ਨਾਲ 79.25 ਰੁਪਏ ਪ੍ਰਤੀ ਸ਼ੇਅਰ ਤੱਕ ਉਛਲਿਆ।
ਅਮੇਜ਼ਨ ਨਾਲ ਤਕਰਾਰ ਦੇ ਵਿਚਕਾਰ ਇਧਰ ਸੀਸੀਆਈ ਵੱਲੋਂ ਰਿਲਾਇੰਸ ਨੂੰ ਫ਼ਿਊਚਰ ਸਮੂਹ ਦੇ ਖੁਦਰਾ, ਥੋਕ ਲੌਜੀਸਟਿਕਸ ਕਾਰੋਬਾਰ ਦੇ ਸੌਦੇ ਨੂੰ ਲੈ ਕੇ ਹਰੀ ਝੰਡੀ ਮਿਲਣ ਤੋਂ ਬਾਅਦ ਕੰਪਨੀ ਦੇ ਸ਼ੇਅਰ ਵਿੱਚ ਤੇਜ਼ੀ ਆਈ ਹੈ।