ਨਵੀਂ ਦਿੱਲੀ: ਕੋਵਿਡ-19 ਵਿਰੁੱਧ ਚੱਲ ਰਹੀ ਭਾਰਤ ਦੀ ਲੜਾਈ ਵਿਚ ਵਿਸ਼ਵ ਬੈਂਕ ਨੇ ਸ਼ੁੱਕਰਵਾਰ ਨੂੰ ਆਪਣਾ ਸਮਰਥਨ ਦਿੰਦੇ ਹੋਏ ਇਕ ਅਰਬ ਡਾਲਰ ਯਾਨੀ 7500 ਕਰੋੜ ਦੇ ਸਮਾਜਿਕ ਸੁਰੱਖਿਆ ਪੈਕੇਜ ਲਈ ਮਨਜ਼ੂਰੀ ਦਿੱਤੀ ਹੈ।
ਵਿਸ਼ਵ ਬੈਂਕ ਨੇ ਗਰੀਬ ਅਤੇ ਮਹਾਂਮਾਰੀ ਸੰਵੇਦਨਸ਼ੀਲ ਪਰਿਵਾਰਾਂ ਲਈ ਭਾਰਤ ਸਰਕਾਰ ਦੇ ਨਿਰੰਤਰ ਯਤਨਾਂ ਦੇ ਮੱਦੇਨਜ਼ਰ ਇਹ ਪ੍ਰਵਾਨਗੀ ਦਿੱਤੀ ਹੈ। ਵਿਸ਼ਵ ਬੈਂਕ ਨੇ ਵੀਰਵਾਰ ਨੂੰ ਕਿਹਾ ਕਿ ਕੋਵਿਡ-19 ਮਹਾਂਮਾਰੀ ਇਕ ਵਿਸ਼ਵਵਿਆਪੀ ਸੰਕਟ ਹੈ ਜਿਸ ਨਾਲ ਹਰ ਦੇਸ਼ ਪ੍ਰਭਾਵਿਤ ਹੈ।
ਬੈਂਕ ਨੇ ਕਿਹਾ, "ਅਸੀਂ ਇਸ ਸੰਕਟ ਵਿੱਚ ਦੇਸ਼ਾਂ ਨੂੰ ਸਹਾਇਤਾ ਦੇਣ ਲਈ ਕੰਮ ਕਰ ਰਹੇ ਹਾਂ, ਤਾਂ ਜੋ ਸਾਡੀ ਸਹਾਇਤਾ ਵੱਧ ਤੋਂ ਵੱਧ ਦੇਸ਼ਾਂ ਤੱਕ ਪਹੁੰਚ ਸਕੇ।"
ਇਸ ਤੋਂ ਪਹਿਲਾਂ, ਵਿਸ਼ਵ ਬੈਂਕ ਨੇ ਮਹਾਂਮਾਰੀ ਨਾਲ ਨਜਿੱਠਣ ਲਈ ਜਨਤਕ ਸਿਹਤ ਦੀ ਤਿਆਰੀ ਨੂੰ ਮਜ਼ਬੂਤ ਕਰਨ ਲਈ ਭਾਰਤ ਨੂੰ 7500 ਕਰੋੜ ਦਾ ਪੈਕੇਜ ਦਿੱਤਾ ਸੀ। ਇਹ ਬੈਂਕ ਵੱਲੋਂ ਭਾਰਤ ਨੂੰ ਸਿਹਤ ਖੇਤਰ ਨੂੰ ਦਿੱਤਾ ਗਿਆ ਹੁਣ ਇਹ ਸਭ ਤੋਂ ਵੱਡਾ ਸਮਰਥਨ ਹੈ।
ਇਸ ਦੇ ਤਹਿਤ ਭਾਰਤ ਦੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕਵਰ ਕਰਨ ਦਾ ਫੈਸਲਾ ਕੀਤਾ ਗਿਆ ਹੈ। ਵਿਸ਼ਵ ਬੈਂਕ ਦੁਆਰਾ ਪਹਿਲਾਂ ਪ੍ਰਦਾਨ ਕੀਤਾ ਗਿਆ ਇਹ ਪੈਕੇਜ ਮਹਾਂਮਾਰੀ ਦੇ ਸੰਕਟ ਨਾਲ ਜੂਝ ਰਹੇ ਵਿਸ਼ਵ ਦੇ ਵਿਕਾਸਸ਼ੀਲ ਦੇਸ਼ਾਂ ਲਈ ਸਹਾਇਤਾ ਮੁਹਿੰਮ ਦਾ ਪਹਿਲਾ ਕਦਮ ਸੀ। ਇਸ ਦੇ ਤਹਿਤ 25 ਵਿਕਾਸਸ਼ੀਲ ਦੇਸ਼ਾਂ ਨੂੰ ਸਹਾਇਤਾ ਪ੍ਰਦਾਨ ਕੀਤੀ ਗਈ ਸੀ।
ਵਿਸ਼ਵ ਬੈਂਕ ਦੀ ਸਥਾਪਨਾ 1944 ਵਿਚ ਅੰਤਰਰਾਸ਼ਟਰੀ ਆਰਥਿਕਤਾ ਨੂੰ ਮੁੜ ਲੀਹ 'ਤੇ ਲਿਆਉਣ ਦੇ ਉਦੇਸ਼ ਨਾਲ ਕੀਤੀ ਗਈ ਸੀ। ਵਿਸ਼ਵ ਬੈਂਕ ਦਾ ਉਦੇਸ਼ ਵਿਕਾਸਸ਼ੀਲ ਦੇਸ਼ਾਂ ਵਿੱਚ ਗਰੀਬੀ ਦੇ ਖਾਤਮੇ ਲਈ ਯਤਨ ਕਰਨਾ ਹੈ ਅਤੇ ਨਾਲ ਹੀ ਵੱਖ-ਵੱਖ ਦੇਸ਼ਾਂ ਦੀਆਂ ਆਰਥਿਕਤਾਵਾਂ ਨੂੰ ਵਿਸ਼ਾਲ ਵਿਆਪਕ ਅਰਥਚਾਰੇ ਵਿੱਚ ਸ਼ਾਮਲ ਕਰਨਾ ਹੈ।