ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 20 ਜੂਨ ਨੂੰ ਪੀਐੱਮ ਮੋਦੀ ਵੱਲੋਂ 'ਗ਼ਰੀਬ ਕਲਿਆਣ ਮੁਹਿੰਮ' ਦੀ ਸ਼ੁਰੂਆਤ ਤੋਂ ਪਹਿਲਾਂ, ਦਿੱਲੀ ਵਿੱਚ ਮੀਡਿਆ ਨੂੰ ਸੰਬੋਧਨ ਕਰਦਿਆਂ ਜਾਣਕਾਰੀ ਦਿੱਤੀ।
ਵਿੱਤ ਮੰਤਰੀ ਨੇ ਦੱਸਿਆ ਕਿ 6 ਸੂਬਿਆਂ ਦੇ ਲਗਭਗ 116 ਜ਼ਿਲ੍ਹਿਆਂ ਵਿੱਚ ਵੱਡੀ ਗਿਣਤੀ ਵਿੱਚ ਪ੍ਰਵਾਸੀ ਮਜ਼ਦੂਰ ਵਾਪਸ ਆਏ ਹਨ।
ਵਿੱਤ ਮੰਤਰੀ ਨੇ ਕਿਹਾ ਕਿ ਗ਼ਰੀਬ ਕਲਿਆਣ ਰੁਜ਼ਗਾਰ ਅਭਿਆਨ ਵਿੱਚ 125 ਦਿਨਾਂ ਵਿੱਚ ਸਰਕਾਰ ਦੀਆਂ ਲਗਭਗ 25 ਯੋਜਨਾਵਾਂ ਨੂੰ ਇਕੱਠਿਆਂ ਹੀ ਲਿਆਂਦਾ ਜਾਵੇਗਾ ਅਤੇ ਇਨ੍ਹਾਂ 125 ਦਿਨਾਂ ਵਿੱਚ ਹਰ ਯੋਜਨਾ ਨੂੰ ਉਸ ਦੇ ਉੱਚ ਪੱਧਰ ਉੱਤੇ ਲੈ ਕੇ ਜਾਵਾਂਗੇ। ਜਿਹੜੇ ਜ਼ਿਲ੍ਹਿਆਂ ਵਿੱਚ ਜ਼ਿਆਦਾ ਕਾਮੇ ਵਾਪਸ ਆਏ ਹਨ, ਉਨ੍ਹਾਂ ਵਿੱਚ ਸਰਕਾਰ ਦੀਆਂ 25 ਯੋਜਨਾਵਾਂ ਦੇ ਅਧੀਨ, ਜਿਸ ਨੂੰ ਵੀ ਕੰਮ ਦੀ ਜ਼ਰੂਰਤ ਹੈ, ਉਸ ਨੂੰ ਕੰਮ ਦਿੱਤਾ ਜਾਵੇਗਾ।
ਪ੍ਰਧਾਨ ਮੰਤਰੀ ਰੁਜ਼ਗਾਰ ਅਭਿਆਨ ਦੀ ਮੁੱਖ ਪਹਿਲ ਆਪਣੇ ਸਬੰਧਿਤ ਜ਼ਿਲ੍ਹਿਆਂ ਵਿੱਚ ਵਾਪਸ ਆਏ ਮਜ਼ਦੂਰਾਂ ਦੀ ਤੱਤਕਾਲ ਜ਼ਰੂਰਤ ਨੂੰ ਪੂਰਾ ਕਰਨਾ ਅਤੇ ਉਨ੍ਹਾਂ ਨੂੰ ਜਲਦ ਤੋਂ ਜਲਦ ਆਮਦਨੀ ਮੁਹੱਈਆ ਕਰਵਾਉਣਾ ਹੈ।
ਜਿਹੜੇ ਵੀ ਕਾਮੇ ਵਾਪਸ ਆਏ ਹਨ, ਉਨ੍ਹਾਂ ਦੀ ਵਰਤੋਂ ਕਰਦੇ ਹੋਏ ਇਨ੍ਹਾਂ 25 ਅਲੱਗ-ਅਲੱਗ ਕੰਮਾਂ ਦੇ ਅੰਦਰ ਜੋ ਵੀ ਟੀਚੇ ਹਾਸਲ ਕਰਨੇ ਹਨ, ਉਸ ਨੂੰ ਹਾਸਲ ਕੀਤਾ ਜਾਵੇਗਾ। ਇਨ੍ਹਾਂ 25 ਯੋਜਨਾਵਾਂ ਨੂੰ ਕੁੱਲ ਮਿਲਾ ਕੇ ਜੋ ਪੈਸਾ ਵੰਡਿਆ ਗਿਆ ਉਹ ਲਗਭਗ 50,000 ਕਰੋੜ ਹੈ।
ਇਹ ਮੁਹਿੰਮ ਬਿਹਾਰ ਦੇ ਖਗੜਿਆ ਜ਼ਿਲ੍ਹੇ ਦੇ ਬੇਲਦੌਰ ਪ੍ਰਖੰਡ ਦੇ ਤੇਲਿਹਰ ਪਿੰਡ ਤੋਂ ਸ਼ੁਰੂ ਕੀਤਾ ਜਾਵੇਗਾ। ਇਸ ਯੋਜਨਾ ਦੀ ਡਿਜੀਟਲ ਸ਼ੁਰੂਆਤ ਵਿੱਚ 5 ਹੋਰ ਸੂਬਿਆਂ ਦੇ ਮੁੱਖ ਮੰਤਰੀ ਅਤੇ ਕੁੱਝ ਕੇਂਦਰੀ ਮੰਤਰੀ ਵੀ ਹਿੱਸਾ ਲੈਣਗੇ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਬਿਹਾਰ, ਉੱਤਰ ਪ੍ਰਦੇਸ਼, ਮੱਧ-ਪ੍ਰਦੇਸ਼, ਰਾਜਸਥਾਨ, ਝਾਰਖੰਡ ਅਤੇ ਉੜੀਸਾ ਦੇ ਕੁੱਲ 116 ਜ਼ਿਲ੍ਹਿਆਂ ਦੇ 25,000 ਤੋਂ ਜ਼ਿਆਦਾ ਪ੍ਰਵਾਸੀ ਮਜ਼ਦੂਰਾਂ ਨੂੰ ਇਸ ਮੁਹਿੰਮ ਦੇ ਲਈ ਚੁਣਿਆ ਗਿਆ ਹੈ, ਜਿਸ ਵਿੱਚ 27 ਅਭਿਲਾਖੀ ਜ਼ਿਲ੍ਹੇ ਹਨ।