ਬੰਗਲੁਰੂ: ਇਲੈਕਟ੍ਰਿਕ ਕਾਰ ਨਿਰਮਾਤਾ ਕੰਪਨੀ ਟੈਸਲਾ ਦੀ ਭਾਰਤ ਵਿੱਚ ਐਂਟਰੀ ਹੋ ਗਈ ਹੈ। ਕੰਪਨੀ ਨੇ ਟੈਸਲਾ ਇੰਡੀਆ ਮੋਟਰਜ਼ ਅਤੇ ਐਨਰਜੀ ਪ੍ਰਾਈਵੇਟ ਲਿਮਿਟਿਡ ਦੇ ਨਾਂਅ ਤੋਂ ਰਜਿਸਟ੍ਰੇਸ਼ਨ ਕਰਵਾਇਆ ਹੈ। ਕੰਪਨੀ ਇੱਥੇ ਲਗਜ਼ਰੀ ਇਲੈਕਟ੍ਰਿਕ ਕਾਰਾਂ ਦਾ ਨਿਰਮਾਣ ਅਤੇ ਕਾਰੋਬਾਰ ਕਰੇਗੀ। ਟੈਸਲਾ ਨੇ ਅਧਿਕਾਰਤ ਤੌਰ 'ਤੇ ਬੰਗਲੁਰੂ ਵਿੱਚ ਰਜਿਸਟਰ ਕੀਤਾ ਹੈ।
ਕਰਨਾਟਕ ਦੇ ਮੁੱਖ ਮੰਤਰੀ ਬੀਐਸ ਯੇਦੀਯੁਰੱਪਾ ਨੇ ਟੈਸਲਾ ਦਾ ਸਵਾਗਤ ਕੀਤਾ ਹੈ। ਟੇਸਲਾ 8 ਜਨਵਰੀ ਨੂੰ ਬੰਗਲੁਰੂ ਵਿੱਚ ਰਜਿਸਟਰਡ ਹੋਈ ਹੈ। ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਮੁਤਾਬਕ ਇਸ ਕੰਪਨੀ ਦਾ ਰਜਿਸਟ੍ਰੇਸ਼ਨ ਨੰਬਰ 142975 ਹੈ।
ਵੈਭਵ ਤਨੇਜਾ, ਵੈਂਕਟਰੰਗਮ ਸ਼੍ਰੀਰਾਮ ਅਤੇ ਡੇਵਿਡ ਜਾਨ ਫੈਨਸਟੀਨ ਇਸ ਦੇ ਨਿਰਦੇਸ਼ਕ ਹਨ। ਤਨੇਜਾ ਟੈਸਲਾ ਵਿਖੇ ਸੀ.ਐਫ.ਓ. ਹੈ, ਜਦੋਂ ਕਿ ਫੈਨਸਟੀਨ ਗਲੋਬਲ ਟਰੇਡ ਡਾਇਰੈਕਟਰ, ਟ੍ਰੇਡ ਮਾਰਕੀਟ ਐਕਸੈਸ ਹਨ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਕਰਨਾਟਕ ਗ੍ਰੀਨ ਮੋਬੀਲਿਟੀ ਵੱਲ ਭਾਰਤ ਦੇ ਸਫ਼ਰ ਦੀ ਅਗਵਾਈ ਕਰੇਗਾ।
ਦੱਸ ਦੱਈਏ ਕਿ ਟੈਸਲਾ ਇੰਕ ਦੇ ਸਹਿ-ਸੰਸਥਾਪਕ ਅਤੇ ਸੀਈਓ ਐਲਨ ਮਸਕ ਨੇ ਅਕਤੂਬਰ ਵਿੱਚ ਐਲਾਨ ਕੀਤਾ ਸੀ ਕਿ ਕੰਪਨੀ 2021 ਵਿੱਚ ਭਾਰਤੀ ਬਾਜ਼ਾਰ ਵਿੱਚ ਟੱਕਰ ਦੇਵੇਗੀ। ਇਸ ਦੀ ਪੁਸ਼ਟੀ ਕਰਦਿਆਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਸੀ ਕਿ ਟੈਸਲਾ ਅਗਲੇ ਸਾਲ ਭਾਰਤ ਵਿੱਚ ਸ਼ੁਰੂਆਤ ਕਰੇਗੀ। ਉਨ੍ਹਾਂ ਕਿਹਾ ਸੀ ਕਿ ਭਾਰਤ ਕੋਲ ਅਗਲੇ ਪੰਜ ਸਾਲਾਂ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਇਲੈਕਟ੍ਰਿਕ ਵਾਹਨ ਉਤਪਾਦਕ ਬਣਨ ਦੀ ਸਮਰੱਥਾ ਹੈ।
ਜਾਣਕਾਰੀ ਮੁਤਾਬਕ ਕੰਪਨੀ ਮਾਡਲ 3 ਨੂੰ ਭਾਰਤ 'ਚ ਲਾਂਚ ਕਰ ਸਕਦੀ ਹੈ। ਸਾਲ ਦੀ ਪਹਿਲੀ ਤਿਮਾਹੀ ਦੇ ਆਖਰ ਵਿੱਚ ਡਿਲੀਵਰੀ ਸ਼ੁਰੂ ਹੋ ਸਕਦੀ ਹੈ। ਇਸ ਦੇ ਅੰਦਰ 60 ਕਿਲੋਵਾਟ ਲੀਥੀਅਮ ਆਇਨ ਬੈਟਰੀ ਪੈਕ ਦਿੱਤਾ ਗਿਆ ਹੈ। ਵਾਹਨ ਦੀ ਚੋਟੀ ਦੀ ਸਪੀਡ 162mph ਹੈ। ਇਹ ਕਾਰ 0-60 ਕਿਲੋਮੀਟਰ ਤੋਂ 3.1 ਸਕਿੰਟ ਵਿੱਚ ਤੇਜ਼ ਹੋ ਸਕਦੀ ਹੈ। ਇਸ ਦੀ ਕੀਮਤ ਲਗਭਗ 55 ਲੱਖ ਰੁਪਏ ਹੋ ਸਕਦੀ ਹੈ।