ਨਵੀਂ ਦਿੱਲੀ : ਰਿਲਾਇੰਸ ਇੰਡਸਟ੍ਰੀਜ਼ ਲਿਮਟਿਡ ਹੁਣ ਫ਼ਾਰਚਿਉਨ ਇੰਡੀਆ 500 ਸੂਚੀ ਵਿੱਚ ਚੋਟੀ ਦੇ ਸਥਾਨ ਉੱਤੇ ਪਹੁੰਚ ਗਈ ਹੈ। ਆਰਆਈਐੱਲ ਨੂੰ ਆਮ ਗਾਹਕਾਂ ਉੱਤੇ ਕੇਂਦਰਿਤ ਕਾਰੋਬਾਰ ਨਾਲ ਇਸ ਸਥਾਨ ਉੱਤੇ ਪਹੁੰਚਣ ਵਿੱਚ ਮਦਦ ਮਿਲੀ ਹੈ।
ਫ਼ਾਰਚਿਉਨ ਇੰਡੀਆ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ 2018-19 ਵਿੱਚ 5.81 ਲੱਖ ਕਰੋੜ ਰੁਪਏ ਦਾ ਕਾਰੋਬਾਰ ਕਰਨ ਦੇ ਨਾਲ ਹੀ ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਆਰਆਈਐੱਲ ਪਹਿਲੀ ਕੰਪਨੀ ਹੈ ਜਿਸ ਨੇ ਕੁੱਲ ਕਾਰੋਬਾਰ ਦੇ ਮਾਮਲੇ ਵਿੱਚ ਆਈਓਸੀ ਨੂੰ ਪਿੱਛੇ ਛੱਡ ਦਿੱਤਾ ਹੈ।
ਆਈਓਸੀ ਪਿਛਲੇ ਲਗਾਤਾਰ 10 ਸਲ ਤੋਂ ਇਸ ਮੁਕਾਮ ਉੱਤੇ ਕਾਇਮ ਸੀ। ਆਰਆਈਐੱਲ ਸੰਗਠਿਤ ਖ਼ੁਦਰਾ ਵਿਕਰੀ, ਦੂਰ-ਸੰਚਾਰ ਅਤੇ ਪੈਟਰੋਲਿਅਮ ਕਾਰੋਬਾਰ ਦੇ ਖੇਤਰ ਵਿੱਚ ਹੈ। ਜਨਤਕ ਖੇਤਰ ਦੀ ਹੋਰ ਕੰਪਨੀ ਤੇਲ ਅਤੇ ਕੁਦਰਤੀ ਗੈਸ ਨਿਗਮ (ਓਐੱਨਜੀਸੀ) 2018 ਵਿੱਚ ਇਸ ਮਾਮਲੇ ਵਿੱਚ ਤੀਸਰੇ ਸਥਾਨ ਉੱਤੇ ਰਹੀ।
ਇਸ ਤੋਂ ਬਾਅਦ ਭਾਰਤੀ ਸਟੇਟ ਬੈਂਕ, ਟਾਟਾ ਮੋਟਰਜ਼ ਅਤੇ ਭਾਰਤ ਪੈਟਰੋਲਿਅਮ ਕਾਰਪੋਰੇਸ਼ਨ ਲਿਮਟਿਡ (ਬੀਪੀਸੀਐੱਲ) ਦਾ ਸਥਾਨ ਰਿਹਾ। ਸਾਲ 2018 ਅਤੇ 2019 ਵਿੱਚ ਇੰਨ੍ਹਾਂ ਦੀ ਰੈਕਿੰਗ ਵਿੱਚ ਕੋਈ ਬਦਲਾਅ ਨਹੀਂ ਆਇਆ। ਫ਼ਾਰਚਿਉਨ ਇੰਡੀਆ 500 ਦੀ ਇਸ ਸੂਚੀ ਵਿੱਚ ਕੰਪਨੀਆਂ ਦੇ ਸਹਾਇਕਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ।
ਇਸ ਪ੍ਰਕਾਰ ਓਐੱਨਜੀਸੀ ਦੀ ਰੈਕਿੰਗ ਤੈਅ ਕਰਦੇ ਸਮੇਂ ਇਸ ਵਿੱਚ ਉਨ੍ਹਾਂ ਦੀਆਂ ਸਹਾਇਕਾਂ ਹਿੰਦੋਸਤਾਨ ਪੈਟਰੋਲਿਅਮ ਕਾਰਪੋਰੇਸ਼ਨ ਲਿਮਟਿਡ (ਐੱਚਪੀਸੀਐੱਲ) ਅਤੇ ਓਐੱਨਜੀਸੀ ਵਿਦੇਸ਼ ਲਿਮਟਿਡ ਦੇ ਕਾਰੋਬਾਰ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ। ਰਾਜੇਸ਼ ਐਕਸਪੋਟਰਜ਼ 2019 ਵਿੱਚ 7ਵੇਂ ਸਥਾਨ ਉੱਤੇ ਰਹੀ। ਉਹ ਇੱਕ ਪੜਾਅ ਉੱਪਰ ਆ ਗਈ ਹੈ।
ਇਸੇ ਪ੍ਰਕਾਰ ਟਾਟਾ ਸਟੀਲ, ਕੋਲ ਇੰਡੀਆ, ਟਾਟਾ ਕੰਸਲਟੈਂਸੀ ਸਰਵਿਸਿਜ਼ ਅਤੇ ਲਾਰਸਨ ਐਂਡ ਟੁਰਬੋ ਵੀ ਇੱਕ ਪੜਾਅ ਉੱਪਰ ਚੜ੍ਹ ਕੇ ਲੜੀਵਾਰ 8ਵੇਂ, 9ਵੇਂ, 10ਵੇਂ ਅਤੇ 11ਵੇਂ ਸਥਾਨ ਉੱਤੇ ਪਹੁੰਚ ਗਈ ਹੈ। ਆਈਸੀਆਈਸੀਆਈ ਬੈਂਕ ਦੋ ਪੜਾਅ ਚੜ੍ਹ ਕੇ 12ਵੇਂ ਸਥਾਨ ਉੱਤੇ ਪਹੁੰਚ ਗਈ ਜਦਕਿ ਹਿੰਡਾਲਕੋ ਇੰਡਸਟ੍ਰੀਜ਼ ਅਤੇ ਐੱਚਡੀਐੱਫ਼ਸੀ ਬੈਂਕ ਦਾ ਸਥਾਨ ਇਸ ਤੋਂ ਬਾਅਦ ਰਿਹਾ।
ਵੇਦਾਂਤਾ ਲਿਮਟਿਡ 2019 ਦੀ ਸੂਚੀ ਵਿੱਚ 3 ਸਥਾਨ ਹੇਠਾਂ ਆ ਗਿਆ ਅਤੇ 18ਵੇਂ ਸਥਾਨ ਉੱਤੇ ਰਿਹਾ। ਫ਼ਾਰਚਿਉ ਨੇ ਕਿਹਾ ਕਿ ਆਰਆਈਐੱਲ ਦਾ ਕਾਰੋਬਾਰ 2018-19 ਵਿੱਚ 41.5 ਫ਼ੀਸਦੀ ਵੱਧ ਗਿਆ। ਇਹ ਆਈਓਸੀ ਤੋਂ 8.4 ਫ਼ੀਸਦੀ ਜ਼ਿਆਦਾ ਰਿਹਾ। ਕੁੱਲ ਮਿਲਾ ਕੇ ਫ਼ਾਰਚਿਉਨ ਇੰਡੀਆ-500 ਕੰਪਨੀਆਂ ਦਾ ਮਾਲੀਆ 2019 ਵਿੱਚ 9.53 ਫ਼ੀਸਦੀ ਵੱਧ ਗਿਆ ਜਦਕਿ ਮੁਨਾਫ਼ਾ 11.8 ਫ਼ੀਸਦੀ ਵੱਧਿਆ ਹੈ।
ਜਨਤਕ ਖ਼ੇਤਰ ਦੇ ਬੈਂਕਾਂ ਦਾ ਰੇਲਵਾਂ, ਜਨਤਕ ਉਪਕ੍ਰਮਾਂ ਦਾ ਰਲੇਵਾਂ ਸਮੇਤ ਹੋਰ ਕਾਰਨਾਂ ਕਰ ਕੇ 57 ਕੰਪਨੀਆਂ ਇਸ ਸੂਚੀ ਤੋਂ ਬਾਹਰ ਹੋ ਗਈਆਂ। ਇਸ ਦੌਰਾਨ ਫ਼ਾਰਚਿਉਨ 500 ਕੰਪਨੀਆਂ ਦਾ ਕੁੱਲ ਘਾਟਾ ਘਟਿਆ ਹੈ। 65 ਕੰਪਨੀਆੰ ਦਾ ਕੁੱਲ ਘਾਟਾ 1.67 ਲੱਖ ਕਰੋੜ ਰੁਪਏ ਰਿਹਾ ਜੋ ਇਸ ਤੋਂ ਪਿਛਲੇ ਸਾਲ 2 ਲੱਖ ਕਰੋੜ ਰੁਪਏ ਸੀ।