ਨਵੀਂ ਦਿੱਲੀ: ਪੈਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਾਗਤਾਰ 5ਵੇਂ ਦਿਨ ਸੋਮਵਾਰ ਨੂੰ ਵੀ ਵਾਧੇ ਦਾ ਸਿਲਸਿਲਾ ਜਾਰੀ ਰਿਹਾ। ਖਾੜੀ ਖੇਤਰ ਵਿੱਚ ਤਨਾਅ ਕਾਰਨ ਅੰਤਰ-ਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਆਈ ਜ਼ੋਰਦਾਰ ਤੇਜ਼ੀ ਤੋਂ ਬਾਅਦ ਪੈਟਰੌਲ ਅਤੇ ਡੀਜ਼ਲ ਦੀ ਮਹਿੰਗਾਈ ਤੋਂ ਰਾਹਤ ਮਿਲਣ ਦੇ ਫ਼ਿਲਹਾਲ ਆਸਾਰ ਨਹੀਂ ਦਿਖ ਰਹੇ ਹਨ।
ਤੇਲ ਵਪਾਰਕ ਕੰਪਨੀਆਂ ਨੇ ਸੋਮਵਾਰ ਨੂੰ ਦਿੱਲੀ, ਕੋਲਕਾਤਾ ਅਤੇ ਮੁੰਬਈ ਵਿੱਚ ਪੈਟਰੌਲ ਦੀਆਂ ਕੀਮਤਾਂ ਵਿੱਚ 15 ਪੈਸੇ ਪ੍ਰਤੀ ਲੀਟਰ, ਜਦਕਿ ਚੇਨੱਈ ਵਿੱਚ 16 ਪੈਸੇ ਪ੍ਰਤੀ ਲੀਟਰ ਦਾ ਇਜ਼ਾਫ਼ਾ ਕਰ ਦਿੱਤਾ ਗਿਆ ਹੈ। ਦਿੱਲੀ ਅਤੇ ਕੋਲਕਾਤਾ ਵਿੱਚ ਡੀਜ਼ਲ 17 ਪੈਸੇ, ਜਦਕਿ ਮੁੰਬਈ ਅਤੇ ਚੇਨੱਈ ਵਿੱਚ 18 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ।
ਇੰਡੀਅਨ ਆਇਲ ਦੀ ਵੈਬਸਾਇਟ ਮੁਤਾਬਕ ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇਨੱਈ ਵਿੱਚ ਪੈਟਰੌਲ ਦੀਆਂ ਕੀਮਤਾਂ ਵੱਧ ਕੇ ਲਗਾਤਾਰ 75.69 ਰੁਪਏ, 78.28 ਰੁਪਏ, 81.28 ਰੁਪਏ ਅਤੇ 78.64 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਉੱਥੇ ਹੀ ਚਾਰੋਂ ਮਹਾਂਨਗਰਾਂ ਵਿੱਚ ਡੀਜ਼ਲ ਦੀਆਂ ਕੀਮਤਾਂ ਵੱਧ ਕੇ ਲੜੀਵਾਰ 68.68 ਰੁਪਏ, 71.04 ਰੁਪਏ, 72.02 ਰੁਪਏ ਅਤੇ 72.58 ਰੁਪਏ ਪ੍ਰਤੀ ਲੀਟਰ ਹੋ ਗਈ ਹੈ।
ਅੰਤਰ-ਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਵਿੱਚ ਆਈ ਤੇਜ਼ੀ ਤੋਂ ਬਾਅਦ ਘਰੇਲੂ ਵਾਇਦਾ ਬਾਜ਼ਾਰ ਮਲਟੀ ਕਮੋਡਿਟੀ ਐਕਸਚੇਂਜ ਭਾਵ ਐੱਮਸੀਐਕਸ ਉੱਤੇ ਸੋਮਵਾਰ ਨੂੰ ਕੱਚੇ ਤੇਲ ਦੇ ਚਾਲੂ ਮਹੀਨੇ ਦੇ ਸੌਦੇ ਵਿੱਚ 3 ਫ਼ੀਸਦੀ ਤੋਂ ਜ਼ਿਆਦਾ ਦਾ ਉੱਛਾਲ ਆਇਆ ਹੈ। ਐੱਮਸੀਐਕਸ ਉੱਤੇ ਸਵੇਰੇ 11.06 ਵਜੇ ਕੱਚੇ ਤੇਲ ਦੇ ਜਨਵਰੀ ਦੇ ਇਕਰਾਰਨਾਮੇ ਵਿੱਚ 142 ਰੁਪਏ ਯਾਨਿ 3.16 ਫ਼ੀਸਦੀ ਦੀ ਤੇਜ਼ੀ ਦੇ ਨਾਲ 4,641 ਰੁਪਏ ਪ੍ਰਤੀ ਬੈਰਲ ਉੱਤੇ ਕਾਰੋਬਾਰ ਚੱਲ ਰਿਹਾ ਸੀ, ਜਦਕਿ ਇਸ ਤੋਂ ਪਹਿਲਾਂ ਕਾਰੋਬਾਰ ਦੌਰਾਨ ਕੱਚੇ ਤੇਲ ਦੀਆਂ ਕੀਮਤਾਂ ਵਿੱਚ 4,670 ਰੁਪਏ ਪ੍ਰਤੀ ਬੈਰਲ ਤੱਕ ਦਾ ਉੱਛਾਲ ਆਇਆ।
ਅੰਤਰ-ਰਾਸ਼ਟਰੀ ਵਾਇਦਾ ਬਾਜ਼ਾਰ ਇੰਟਰਕਾਂਟਿਨੈਂਟਲ ਐਕਸਚੇਂਜ ਯਾਨਿ ਆਈਸੀਈ ਉੱਤੇ ਬ੍ਰੈਂਟ ਕਰੂਡ ਦੇ ਮਾਰਚ ਡਲਿਵਰੀ ਇਕਰਾਰਨਾਮੇ ਵਿੱਚ ਪਿਛਲੇ ਸੈਸ਼ਨ ਦੇ ਮੁਕਾਬਲੇ 2.36 ਫ਼ੀਸਦੀ ਦੀ ਤੇਜ਼ੀ ਦੇ ਨਾਲ 70.22 ਡਾਲਰ ਪ੍ਰਤੀ ਬੈਰਲ ਉੱਤੇ ਕਾਰੋਬਾਰ ਚੱਲ ਰਿਹਾ ਸੀ, ਜਦਕਿ ਕਾਰੋਬਾਰ ਦੌਰਾਨ ਬ੍ਰੈਂਟ ਕਰੂਡ 70.75 ਡਾਲਰ ਪ੍ਰਤੀ ਬੈਰਲ ਤੱਕ ਉੱਛਲਿਆ। ਇਸ ਤੋਂ ਪਹਿਲਾਂ ਬ੍ਰੈਂਟ ਦੀ ਕੀਮਤ 16 ਦਸੰਬਰ 2019 ਨੂੰ 71.95 ਡਾਲਰ ਪ੍ਰਤੀ ਬੈਰਲ ਤੱਕ ਚੱਲਾ ਗਿਆ ਸੀ।