ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਕਾਰਨ ਲਾਗੂ ਲੌਕਡਾਊਨ ਦਾ ਬੁਰਾ ਅਸਰ ਯਾਤਰੀ ਵਾਹਨਾਂ ਦੀ ਵਿਕਰੀ ਉੱਤੇ ਪਿਆ ਹੈ। ਵਾਹਨ ਡੀਲਰਾਂ ਦੇ ਸੰਗਠਨ ਫ਼ੈਡੇਰਸ਼ਨ ਆਫ਼ ਆਟੋਮੋਬਾਈਲ ਡੀਲਰਜ਼ ਐਸੋਸੀਏਸ਼ਨ (ਫਾਡਾ) ਦੇ ਮੁਤਾਬਕ ਮਈ ਵਿੱਚ ਯਾਤਰੀ ਵਾਹਨਾਂ ਦੀ ਖ਼ੁਦਰਾ ਵਿਕਰੀ 86.97 ਫ਼ੀਸਦ ਘੱਟ ਕੇ 30,749 ਇਕਾਈਆਂ ਰਹਿ ਗਈ। ਮਈ 2019 ਵਿੱਚ ਇਹ 2,35,933 ਇਕਾਈਆਂ ਸੀ।
ਫਾਡਾ ਵੱਲੋਂ 1,435 ਵਿੱਚੋਂ 1,225 ਖੇਤਰੀ ਵਾਹਨ ਦਫ਼ਤਰਾਂ (ਆਰਟੀਓ) ਤੋਂ ਵਾਹਨਾਂ ਦੇ ਪੰਜੀਕਰਨ ਦੇ ਅੰਕੜਿਆਂ ਲਏ ਗਏ ਹਨ।
ਅੰਕੜਿਆਂ ਮੁਤਾਬਕ ਵਿੱਚ ਦੁਪਹੀਆਂ ਦੀ ਵਿਕਰੀ 8.88 ਫ਼ੀਸਦ ਘੱਟ ਕੇ 1,59,039 ਇਕਾਈਆਂ ਰਹਿ ਗਈ, ਜੋ ਇੱਕ ਸਾਲ ਪਹਿਲਾਂ ਇਸੇ ਮਹੀਨੇ ਵਿੱਚ 14,19,842 ਇਕਾਈਆਂ ਸੀ। ਇਸੇ ਤਰ੍ਹਾਂ ਵਪਾਰਕ ਵਾਹਨਾਂ ਦੀ ਵਿਕਰੀ 96.63 ਫ਼ੀਸਦ ਘੱਟ ਕੇ ਕੇਵਲ 2,711 ਇਕਾਈਆਂ ਰਹੀ, ਜੋ ਮਈ 2019 ਵਿੱਚ 80,932 ਸੀ।
ਮਈ ਵਿੱਚ ਵੱਖ-ਵੱਖ ਸ਼੍ਰੇਣੀਆਂ ਵਿੱਚ ਵਾਹਨਾਂ ਦੀ ਕੁੱਲ ਵਿਕਰੀ 88.87 ਫ਼ੀਸਦ ਘੱਟ ਕੇ 2,02,697 ਇਕਾਈਆਂ ਰਹਿ ਗਈ, ਜੋ ਮਈ 2019 ਵਿੱਚ 18.21,650 ਇਕਾਈਆਂ ਸੀ।
ਫਾਡਾ ਦੇ ਚੇਅਰਮੈਨ ਆਸ਼ੀਸ਼ ਹਰਸ਼ਰਾਜ ਕਾਲੇ ਨੇ ਕਿਹਾ ਕਿ ਮਈ ਦੇ ਅੰਤ ਵਿੱਚ 26,500 ਆਉਟਲੈਟਾਂ ਵਿੱਚੋਂ ਲਗਭਗ 60 ਫ਼ੀਸਦ ਸ਼ੋਅਰੂਮ ਅਤੇ 80 ਫ਼ੀਸਦ ਵਰਕਸ਼ਾਪਾਂ ਚਾਲੂ ਸਨ। ਮਈ ਦੇ ਪੰਜੀਕਰਨ ਅੰਕੜੇ ਮੰਗ ਦੀ ਸਹੀ ਸਥਿਤੀ ਨੂੰ ਨਹੀਂ ਦਰਸਾਉਂਦੇ ਹਨ, ਕਿਉਂਕਿ ਦੇਸ਼ ਦੇ ਕਈ ਹਿੱਸਿਆਂ ਵਿੱਚ ਇਸ ਦੌਰਾਨ ਲੌਕਡਾਊਨ ਜਾਰੀ ਸੀ। ਉਨ੍ਹਾਂ ਨੇ ਕਿਹਾ ਕਿ ਜੂਨ ਦੇ ਪਹਿਲੇ 10 ਦਿਨਾਂ ਵਿੱਚ ਕਈ ਡੀਲਰਸ਼ਿਪਾਂ ਖੁੱਲ੍ਹਣ ਦੇ ਬਾਵਜੂਦ ਮੰਗ ਕਾਫ਼ੀ ਘੱਟ ਹੈ।