ਨਵੀਂ ਦਿੱਲੀ: ਵੱਖ-ਵੱਖ ਸਰੋਤਾਂ ਤੋਂ ਪ੍ਰਾਪਤ ਜਾਣਕਾਰੀ ਅਤੇ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਬਾਅਦ ਵਿੱਤ ਮੰਤਰਾਲੇ ਨੇ ਨੋਟਬੰਦੀ ਦੌਰਾਨ ਗਹਿਣਾ ਕਾਰੋਬਾਰੀਆਂ ਵੱਲੋਂ ਬੈਂਕਾਂ ਵਿੱਚ ਜਮ੍ਹਾ ਕੀਤੀ ਗਈ ਭਾਰੀ ਨਕਦੀ ਦੀ ਜਾਂਚ-ਪੜਤਾਲ ਸ਼ੁਰੂ ਕਰ ਦਿੱਤੀ ਹੈ। ਦਰਅਸਲ, ਇੰਨਾਂ ਕਾਰੋਬਾਰੀਆਂ ਨੇ ਜਿੰਨੀ ਨਕਦੀ ਜਮ੍ਹਾ ਕੀਤੀ ਹੈ ਉਹ ਉਨ੍ਹਾਂ ਦੀ ਆਮਦਨ ਦੇ ਅਗਿਆਤ ਸਰੋਤਾਂ ਨਾਲ ਮੇਲ ਨਹੀਂ ਖਾਂਦੀ ਹੈ।
ਸੂਤਰਾਂ ਨੇ ਕਿਹਾ ਕਿ ਜਾਂਚ ਦੇ ਦਾਇਰੇ ਵਿੱਚ ਆਏ ਇੰਨਾਂ ਸੁਨਿਆਰਿਆਂ ਨੇ ਮੁਲਾਂਕਣ ਸਾਲ 2017-18 ਦੀਆਂ ਆਪਣੀਆਂ ਆਮਦਨ ਰਿਟਰਨਾਂ ਵਿੱਚ ਇਸੇ ਤਰ੍ਹਾਂ ਦੇ ਲੈਣ-ਦੇਣ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਨੋਟਬੰਦੀ ਦੌਰਾਨ ਕਈ ਗਹਿਣਾ ਕਾਰੋਬਾਰੀਆਂ ਨੇ ਬੈਂਕਾਂ ਵਿੱਚ ਬੇਹਿਸਾਲ ਨਕਦੀ ਜਮ੍ਹਾ ਕੀਤੀ। ਇਸ ਨਕਦੀ ਬਾਰੇ ਵਿੱਚ ਉਹ ਆਪਣੇ ਵਿਕਰੀ ਕਾਰੋਬਾਰ ਤੋਂ ਪ੍ਰਾਪਤ ਆਮਦਨ ਜਾਂ ਕੋਈ ਹੋਰ ਸੰਤੋਖਪੂਰਵਾਕ ਬਿਓਰਾ ਨਹੀਂ ਦੇ ਸਕੇ।
ਉਨ੍ਹਾਂ ਨੇ ਕਿਹਾ ਕਿ ਸਭ ਤੋਂ ਜ਼ਿਆਦਾ ਹੈਰਾਨ ਕਰਨ ਵਾਲਾ ਮਾਮਲਾ ਗੁਜਰਾਤ ਤੋਂ ਸਾਹਮਣੇ ਆਇਆ ਹੈ। ਉੱਥੇ ਇੱਕ ਕਾਰੋਬਾਰੀ ਨੇ ਨੋਟਬੰਦੀ ਦੌਰਾਨ (9 ਨਵੰਬਰ ਤੋਂ 30 ਦਸੰਬਰ 2016) ਦੌਰਾਨ 4.14 ਕਰੋੜ ਰੁਪਏ ਨਕਦ ਜਮ੍ਹਾ ਕੀਤੇ ਹਨ। ਜਦਕਿ ਇਸ ਨਾਲ ਇੱਕ ਸਾਲ ਪਹਿਲਾਂ ਇਸੇ ਮਿਆਦ ਵਿੱਚ ਉਸ ਕਾਰੋਬਾਰੀ ਦੀ ਜਮ੍ਹਾ ਰਾਸ਼ੀ 44,260 ਰੁਪਏ ਹੀ ਸੀ। ਇਸ ਵਿੱਚ 93,648 ਫ਼ੀਸਦੀ ਦਾ ਵਾਧਾ ਸਾਹਮਣੇ ਆਇਆ ਹੈ।
ਸੂਤਰਾਂ ਮੁਤਾਬਕ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਪਤਾ ਚੱਲਦਾ ਹੈ ਕਿ ਕਈ ਗਹਿਣਾ ਕਾਰੋਬਾਰੀ ਜਿੰਨਾਂ ਨੇ ਰਿਟਰਨਾਂ ਵਿੱਚ ਆਪਣੀ ਆਮਦਨ 5 ਲੱਖ ਤੋਂ ਘੱਟ ਦਿਖਾਈ ਹੈ ਉਨ੍ਹਾਂ ਨੇ ਨੋਟਬੰਦੀ ਦੌਰਾਨ 2 -3 ਦਿਨ ਵਿੱਚ ਕਰੋੜਾਂ ਰੁਪਏ ਦੀ ਨਕਦੀ ਜਮ੍ਹਾ ਕੀਤੀ। ਅੰਕੜਿਆਂ ਦੀ ਛਾਣਬੀਣ ਤੋਂ ਪਤਾ ਚੱਲਦਾ ਹੈ ਕਿ ਇੱਕ ਗਹਿਣਾ ਕਾਰੋਬਾਰੀ ਜਿਸ ਦੀ ਸਲਾਨਾ ਆਮਦਨ ਸਿਰਫ਼ 1.16 ਲੱਖ ਰੁਪਏ ਸੀ ਉਸ ਨੇ ਤਿੰਨ ਦਿਨ ਵਿੱਚ 4.13 ਕਰੋੜ ਰੁਪਏ ਜਮ੍ਹਾ ਕੀਤੇ।
ਇਸੇ ਪ੍ਰਕਾਰ 2.66 ਲੱਖ ਰੁਪਏ ਦੀ ਆਮਦਨ ਵਾਲੇ ਇੱਕ ਕਾਰੋਬਾਰੀ ਨੇ 2 ਦਿਨਾਂ ਵਿੱਚ 3.28 ਕਰੋੜ ਰੁਪਏ ਅਤੇ 5.4 ਲੱਖ ਰੁਪਏ ਦੀ ਆਮਦਨ ਦਿਖਾਉਣ ਵਾਲੇ ਇੱਕ ਹੋਰ ਸੁਨਿਆਰੇ ਨੇ 2.57 ਕਰੋੜ ਰੁਪਏ ਜਮ੍ਹਾ ਕੀਤੇ। ਇੱਕ ਹੋਰ ਮਾਮਲੇ ਵਿੱਚ ਇੱਕ ਗਹਿਣਾ ਕਾਰੋਬਾਰੀ ਜਿਸ ਦੀ ਰਿਟਰਨ ਵਿੱਚ ਸਲਾਨਾ ਆਮਦਨ ਸਿਰਫ਼ 3.23 ਕਰੋੜ ਰੁਪਏ ਸੀ, ਉਸ ਨੇ 52.26 ਕਰੋੜ ਰੁਪਏ ਤੋਂ ਜ਼ਿਆਦਾ ਜਮ੍ਹਾ ਕੀਤੇ।
ਸੂਤਰਾਂ ਨੇ ਕਿਹਾ ਕਿ ਕਾਰੋਬਾਰੀਆਂ ਕੋਲ 9 ਨਵੰਬਰ 2015 ਵਿੱਚ ਸਿਰਫ਼ 2.64 ਕਰੋੜ ਰੁਪਏ ਦੀ ਨਕਦੀ ਸੀ ਜਦਕਿ 9 ਨਵੰਬਰ 2016 ਤੱਕ ਉਸ ਦੇ ਕੋਲ 6.22 ਕਰੋੜ ਰੁਪਏ ਤੋਂ ਜ਼ਿਆਦਾ ਦੀ ਨਕਦੀ ਹੋ ਗਈ। ਨਕਦੀ ਵਿੱਚ ਅਚਾਨਕ 23,490 ਫ਼ੀਸਦੀ ਦੇ ਵਾਧੇ ਨੂੰ ਲੈ ਕੇ ਉਹ ਸੰਤੋਖਪੂਰਵਕ ਜਵਾਬ ਨਹੀਂ ਦੇ ਸਕੇ।
ਇਹ ਵੀ ਪੜ੍ਹੋ: ਨੋਟਬੰਦੀ : ਤਿੰਨ ਸਾਲ ਬਾਅਦ ਵੀ ਕਿੰਨੀ ਸਫ਼ਲ ਰਹੀ
ਸੂਤਰਾਂ ਮੁਤਾਬਕ ਇੱਕ ਹੋਰ ਮਾਮਲੇ ਵਿੱਚ ਗਹਿਣਾ ਕਾਰੋਬਾਰੀ ਨੇ ਵੱਖ-ਵੱਖ ਅਗਿਆਤ ਗਾਹਕਾਂ ਤੋਂ 20,000 ਰੁਪਏ ਤੋਂ ਘੱਟ ਨਕਦੀ ਪ੍ਰਾਪਤ ਕੀਤੀ ਅਤੇ ਉਸ ਨੂੰ ਬੈਂਕ ਖ਼ਾਤੇ ਵਿੱਚ ਜਮ੍ਹਾ ਕਰ ਦਿੱਤਾ। ਉਸ ਤੋਂ ਬਾਅਦ ਇਹ ਰਾਸ਼ੀ ਉਸੇ ਗਾਹਕ ਨੂੰ ਬਿਨਾਂ ਕਿਸੇ ਕਰਾਨ ਵਾਪਸ ਕਰ ਦਿੱਤੀ।
ਸੂਤਰਾਂ ਨੇ ਦੱਸਿਆ ਕਿ ਸਭ ਤੋਂ ਮਜ਼ੇਦਾਰ ਮਾਮਲਾ ਇਹ ਦੇਖਿਆ ਗਿਆ ਕਿ ਕੁੱਝ ਨੇ ਆਮਦਨ ਕਰ ਰਿਟਰਨ ਭਰਨ ਤੋਂ ਪਹਿਲਾਂ ਫ਼ਾਰਮ 3 ਸੀਬੀ ਦੇ ਨਾਲ ਆਡਿਟ ਰਿਪੋਰਟ ਅਪਲੋਡ ਕਰਦੇ ਸਮੇਂ ਕੁੱਝ ਕਾਰੋਬਾਰੀਆਂ ਨੇ ਆਪਣਾ ਨਫ਼ਾ-ਨੁਕਸਾਨ ਖ਼ਾਤਾ ਅਪਲੋਡ ਕਰਨ ਦੀ ਬਜਾਇ ਕਿਸੇ ਦੂਸਰੀ ਕੰਪਨੀ ਦਾ ਖ਼ਾਤਾ ਅਪਲੋਡ ਕਰ ਦਿੱਤਾ ।