ਨਵੀਂ ਦਿੱਲੀ: ਸਿਵਲ ਹਵਾਬਾਜ਼ੀ ਦੇ ਡਾਇਰੈਕਟੋਰੇਟ ਜਨਰਲ (ਡੀਜੀਸੀਏ) ਨੇ ਬੁੱਧਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ ਅੰਤਰਰਾਸ਼ਟਰੀ ਯਾਤਰੀ ਉਡਾਣ ਸੇਵਾਵਾਂ ਦੇ ਸੰਚਾਲਨ 'ਤੇ ਪਾਬੰਦੀ 30 ਨਵੰਬਰ ਤੱਕ ਵਧਾ ਦਿੱਤੀ ਗਈ ਹੈ।
ਭਾਰਤੀ ਹਵਾਬਾਜ਼ੀ ਰੈਗੂਲੇਟਰ ਨੇ ਇੱਕ ਸਰਕੂਲਰ ਵਿੱਚ ਕਿਹਾ, "ਹਾਲਾਂਕਿ, 'ਕੇਸ-ਦਰ-ਕੇਸ' ਦੇ ਅਧਾਰ 'ਤੇ, ਅੰਤਰਰਾਸ਼ਟਰੀ ਪੱਧਰ ਵਾਲੀਆਂ ਉਡਾਣਾਂ ਨੂੰ ਸਮਰੱਥ ਅਥਾਰਟੀ ਦੁਆਰਾ ਚੋਣਵੇਂ ਰੂਟਾਂ 'ਤੇ ਚਲਾਉਣ ਦੀ ਆਗਿਆ ਦਿੱਤੀ ਜਾ ਸਕਦੀ ਹੈ।"
ਕੋਰੋਨਾ ਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ 23 ਮਾਰਚ ਤੋਂ ਭਾਰਤ ਵਿੱਚ ਅੰਤਰਰਾਸ਼ਟਰੀ ਯਾਤਰੀ ਉਡਾਣ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ। ਹਾਲਾਂਕਿ, ਕੁੱਝ ਅੰਤਰਰਾਸ਼ਟਰੀ ਉਡਾਣ ਸੇਵਾਵਾਂ ਮਈ ਮਹੀਨੇ ਤੋਂ 'ਵੰਦੇ ਭਾਰਤ ਮਿਸ਼ਨ' ਦੇ ਤਹਿਤ ਅਤੇ ਜੁਲਾਈ ਤੋਂ ਦੁਵੱਲੇ 'ਏਅਰ ਬੱਬਲ' ਪ੍ਰਬੰਧਾਂ ਅਧੀਨ ਚੱਲ ਰਹੀਆਂ ਹਨ।
ਦੋਵਾਂ ਦੇਸ਼ਾਂ ਵਿਚਾਲੇ ‘ਏਅਰ ਬੱਬਲ ਸਮਝੌਤੇ’ ਤਹਿਤ, ਉਨ੍ਹਾਂ ਦੇਸ਼ਾਂ ਦੀਆਂ ਏਅਰਲਾਈਨਾਂ ਦੁਆਰਾ ਉਨ੍ਹਾਂ ਦੇ ਖੇਤਰਾਂ ਵਿੱਚ ਵਿਸ਼ੇਸ਼ ਅੰਤਰਰਾਸ਼ਟਰੀ ਉਡਾਣਾਂ ਚਲਾਇਆ ਜਾ ਸਕਦਾ ਹੈ।
ਭਾਰਤ ਨੇ ਲਗਭਗ 18 ਦੇਸ਼ਾਂ ਨਾਲ ‘ਏਅਰ ਬੱਬਲ’ ਸਮਝੌਤਾ ਕੀਤਾ ਹੈ। ਦੇਸ਼ ਵਿੱਚ ਘਰੇਲੂ ਉਡਾਣ ਸੇਵਾ ਲਗਭਗ ਦੋ ਮਹੀਨਿਆਂ ਲਈ ਬੰਦ ਰਹਿਣ ਤੋਂ ਬਾਅਦ 25 ਮਈ ਤੋਂ ਮੁੜ ਚਾਲੂ ਕੀਤੀ ਗਈ ਸੀ।