ਮੂੰਬਈ: ਭਾਰਤ ਵਿੱਚ ਅਪ੍ਰੈਲ-ਜੂਨ ਦੀ ਤਿਮਾਹੀ ਵਿੱਚ ਸੋਨੇ ਦੀ ਮੰਗ 70 ਫ਼ੀਸਦੀ ਤੱਕ ਘਟਕੇ 63.7 ਟਨ ਰਹਿ ਗਈ ਹੈ। ਇਹ ਜਾਣਕਾਰੀ ਵਰਲਡ ਗੋਲਡ ਕੌਂਸਲ (ਡਬਲਯੂਜੀਸੀ) ਦੀ ਰਿਪੋਰਟ ਵਿੱਚ ਦਿੱਤੀ ਗਈ ਹੈ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੋਵਿਡ-19 ਦੀ ਵਜ੍ਹਾ ਨਾਲ ਦੇਸ਼ ਵਿੱਚ ਲਾਗੂ ਤਾਲਾਬੰਦੀ ਦੇ ਚੱਲਦੇ ਸੋਨੇ ਦੀ ਮੰਗ ਵਿੱਚ ਗਿਰਾਵਟ ਆਈ ਹੈ। ਇਸ ਤੋਂ ਪਿਛਲੇ ਸਾਲ ਭਾਵ 2019 ਦੀ ਦੂਸਰੀ ਤਿਮਾਹੀ ਵਿੱਚ ਭਾਰਤ ਵਿੱਚ ਸੋਨੇ ਦੀ ਮੰਗ 213.2 ਟਨ ਰਹੀ ਸੀ।
ਡਬਲਯੂ.ਜੀ.ਸੀ. ਦੀ 'ਦੂਸਰੀ ਤਿਮਾਹੀ ਵਿੱਚ ਸੋਨੇ ਦੀ ਮੰਗ ਦੀ ਰੁਖ ਉੱਤੇ' ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮੁੱਲ ਦੇ ਹਿਸਾਬ ਨਾਲ ਦੂਸਰੀ ਤਿਮਾਹੀ ਵਿੱਚ ਭਾਰਤ ਵਿੱਚ ਸੋਨੇ ਦੀ ਮੰਗ 57 ਫ਼ੀਸਦੀ ਘਟ ਕੇ 26,600 ਕਰੋੜ ਰੁਪਏ ਰਹਿ ਗਈ, ਜੋ ਇਸ ਤੋਂ ਪਿਛਲੇ ਸਾਲ ਦੀ ਦੂਸਰੀ ਤਿਮਾਹੀ ਵਿੱਚ 62,420 ਕਰੋੜ ਰੁਪਏ ਦੀ ਸੀ।
ਦੂਜੀ ਤਿਮਾਹੀ ਵਿੱਚ ਗਹਿਣਿਆਂ ਦੀ ਮੰਗ 74 ਫ਼ੀਸਦੀ ਘਟ ਕੇ 168.6 ਟਨ ਤੋਂ 44 ਟਨ ਰਹਿ ਗਈ। ਗਹਿਣਿਆਂ ਦੀ ਮੰਗ ਮੁੱਲ ਦੀ ਕੀਮਤ 63 ਫ਼ੀਸਦੀ ਘਟ ਕੇ 18,350 ਕਰੋੜ ਰੁਪਏ ਹੋ ਗਈ, ਜੋ 2019 ਦੀ ਇਸੇ ਮਿਆਦ ਵਿੱਚ 49,380 ਕਰੋੜ ਰੁਪਏ ਸੀ।
ਇਸੇ ਤਰ੍ਹਾਂ ਨਿਵੇਸ਼ ਲਈ ਸੋਨੇ ਦੀ ਮੰਗ 56 ਪ੍ਰਤੀਸ਼ਤ ਘਟ ਕੇ 19.8 ਟਨ ਰਹਿ ਗਈ, ਜੋ ਇੱਕ ਸਾਲ ਪਹਿਲਾਂ ਇਸੇ ਸਮੇਂ ਦੌਰਾਨ 44.5 ਟਨ ਸੀ। ਸੋਨੇ ਦੀ ਕੀਮਤ ਦੇ ਨਾਲ ਨਿਵੇਸ਼ ਦੀ ਮੰਗ ਪਿਛਲੇ ਸਾਲ ਦੀ ਇਸੇ ਤਿਮਾਹੀ ਵਿੱਚ 37 ਫ਼ੀਸਦੀ ਘਟ ਕੇੇ 8,250 ਕਰੋੜ ਰੁਪਏ ਰਹਿ ਗਈ ਹੈ। ਜੋ ਕਿ ਪਿਛਲੇ ਸਾਲ ਦੀ ਇਸੇ ਤਿਮਾਹੀ ਵਿੱਚ 13,040 ਕਰੋੜ ਰੁਪਏ ਸੀ। ਇਸ ਸਮੇੇਂ ਦੌਰਾਨ ਦੇਸ਼ ਵਿੱਚ ਸੋਨੇ ਦੀ ਰੀਸਾਈਕਲਿੰਗ ਵੀ 64 ਫ਼ੀਸਦੀ ਘਟਕੇ 13.8 ਟਨ ਰਹਿ ਗਈ ਹੈ ਜੋ ਇੱਕ ਸਾਲ ਪਹਿਲਾਂ 37.9 ਟਨ ਸੀ।
ਇਸੇ ਤਰ੍ਹਾਂ ਦੂਸਰੀ ਤਿਮਾਹੀ ਵਿੱਚ ਦੇਸ਼ ਵਿੱਚ ਸੋਨੇ ਦੀ ਦਰਾਮਦ ਦੂਜੀ ਤਿਮਾਹੀ ਵਿੱਚ 95 ਫ਼ੀਸਦੀ ਘਟ ਕੇ 11.6 ਟਨ ਰਹਿ ਗਈ, ਜੋ ਕਿ ਸਾਲ 2019 ਦੀ ਇਸੇ ਮਿਆਦ ਵਿੱਚ 247.4 ਟਨ ਸੀ। ਡਬਲਯੂਜੀਸੀ ਦੇ ਮੈਨੇਜਿੰਗ ਡਾਇਰੈਕਟਰ ਭਾਰਤ ਸੋਮਸੁੰਦਰਮ ਪੀਆਰ ਨੇ ਕਿਹਾ, 'ਜਦੋਂ ਕਿ ਦੂਜੀ ਤਿਮਾਹੀ ਵਿੱਚ ਸੋਨੇ ਦੀਆਂ ਕੀਮਤਾਂ ਉੱਚੇ ਪੱਧਰ ਉੱਤੇ ਸਨ, ਇਸ ਸਮੇਂ ਦੌਰਾਨ ਦੇਸ਼ ਵਿੱਚ ਇੱਕ ਮਹਾਂਮਾਰੀ ਕਾਰਨ ਤਾਲਾਬੰਦੀ ਵੀ ਸੀ। ਇਨ੍ਹਾਂ ਕਾਰਨਾਂ ਕਰ ਕੇ ਦੇਸ਼ ਵਿੱਚ ਸੋਨੇ ਦੀ ਮੰਗ 70 ਫ਼ੀਸਦੀ ਘਟ ਕੇ 63.7 ਟਨ ਰਹਿ ਗਈ'।
ਉਨ੍ਹਾਂ ਕਿਹਾ ਕਿ ਕੁੱਲ੍ਹ ਮਿਲਾਕੇ ਪਹਿਲੀ ਤਿਮਾਹੀ ਦੌਰਾਨ ਦੇਸ਼ ਵਿੱਚ ਸੋਨੀ ਦੀ ਮੰਗ 56 ਫ਼ੀਸਦੀ ਘਟ ਕੇ 165.6 ਟਨ ਰਹੀ ਹੈ। ਇਹ ਵਿਸ਼ਵ ਰੁਝਾਨ ਦੇ ਅਨੁਕੂਲ ਹੈ। ਹਾਲਾਂਕਿ ਇਸ ਦੌਰਾਨ ਸੋਨੇ ਦੀਆਂ ਈਟੀਐਫ਼ ਦੀ ਖ਼ਰੀਦ ਵਿੱਚ ਮਾਮੂਲੀ ਵਾਧਾ ਹੋਇਆ ਹੈ।