ਨਵੀਂ ਦਿੱਲੀ: ਕੋਵਿਡ-19 ਮਹਾਂਮਾਰੀ ਕਾਰਨ ਗਲੀ ਵਿਕਰੇਤਾਵਾਂ ਦੀ ਰੋਜ਼ੀ ਰੋਟੀ 'ਤੇ ਮਾੜੇ ਪ੍ਰਭਾਵ ਨੂੰ ਵੇਖਦੇ ਹੋਏ, ਕੇਂਦਰ ਨੇ ਵੀਰਵਾਰ ਨੂੰ ਅਜਿਹੇ 50 ਲੱਖ ਵਿਕਰੇਤਾਵਾਂ ਨੂੰ ਲਾਭ ਪਹੁੰਚਾਉਣ ਲਈ 5 ਹਜ਼ਾਰ ਕਰੋੜ ਰੁਪਏ ਦੀ ਵਿਸ਼ੇਸ਼ ਉਧਾਰ ਸਹੂਲਤ ਦੀ ਘੋਸ਼ਣਾ ਕੀਤੀ ਹੈ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਸਰਕਾਰ ਰੇਹੜੀ-ਫੇਰੀ ਵਾਲਿਆਂ ਅਤੇ ਗਲੀ ਵਿਕਰੇਤਾਵਾਂ ਲਈ ਇੱਕ ਮਹੀਨੇ ਵਿੱਚ ਕਰਜ਼ਾ ਸਕੀਮ ਲੈ ਕੇ ਆਵੇਗੀ। ਇਸ ਤਹਿਤ 50 ਲੱਖ ਸਟ੍ਰੀਟ ਵੈਂਡਰਜ਼ ਨੂੰ 5 ਹਜ਼ਾਰ ਕਰੋੜ ਰੁਪਏ ਦੀ ਕਰਜ਼ਾ ਸਹਾਇਤਾ ਦਿੱਤੀ ਜਾਵੇਗੀ।
ਵਿੱਤ ਮੰਤਰੀ ਨੇ ਕਿਹਾ ਕਿ ਉਹ ਆਸਾਨੀ ਨਾਲ 10 ਹਜ਼ਾਰ ਰੁਪਏ ਤੱਕ ਦਾ ਕਰਜ਼ਾ ਲੈ ਸਕਦੇ ਹਨ ਤਾਂ ਕਿ ਉਹ ਤਾਲਾਬੰਦੀ ਖ਼ਤਮ ਹੋਣ ਤੋਂ ਬਾਅਦ ਆਪਣਾ ਕੰਮ ਮੁੜ ਸ਼ੁਰੂ ਕਰ ਸਕਣ। ਮੋਬਾਈਲ ਨਾਲ ਭੁਗਤਾਨ ਕਰਨ ਵਾਲੇ ਫੇਰੀ ਵਾਲਿਆਂ ਨੂੰ ਉਤਸ਼ਾਹਤ ਕੀਤਾ ਜਾਵੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਲੋਨ ਮਿਲ ਸਕੇਗਾ।
ਉਨ੍ਹਾਂ ਕਿਹਾ ਕਿ ਲੋੜਵੰਦ ਵਿਕਰੇਤਾਵਾਂ ਨੂੰ 10 ਹਜ਼ਾਰ ਰੁਪਏ ਦਾ ਕਰਜ਼ਾ ਦਿੱਤਾ ਜਾਵੇਗਾ, ਪਰ ਇਹ ਇੱਕ ਨਿਸ਼ਚਤ ਰਕਮ ਨਹੀਂ ਹੈ, ਅਤੇ ਬੈਂਕਾਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਫ਼ੈਸਲਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਡਿਜੀਟਲ ਅਦਾਇਗੀਆਂ ਨੂੰ ਵਿੱਤੀ ਇਨਾਮਾਂ ਰਾਹੀਂ ਉਤਸ਼ਾਹਤ ਕੀਤਾ ਜਾਵੇਗਾ ਅਤੇ ਚੰਗੇ ਮੁੜ ਅਦਾਇਗੀ ਵਿਵਹਾਰ ਲਈ ਵਰਕਿੰਗ ਕੈਪੀਟਲ ਕ੍ਰੈਡਿਟ ਵਿੱਚ ਵਾਧਾ ਕੀਤਾ ਜਾਵੇਗਾ।
ਵਿੱਤ ਮੰਤਰੀ ਦਾ ਇਹ ਐਲਾਨ 2 ਦਿਨ ਬਾਅਦ ਹੋਇਆ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੱਖ-ਵੱਖ ਸੈਕਟਰਾਂ ਨੂੰ ਉਤਸ਼ਾਹਤ ਕਰਨ ਅਤੇ ਕਿਸਾਨਾਂ ਅਤੇ ਗਰੀਬਾਂ ਦੀ ਸਹਾਇਤਾ ਲਈ 20 ਲੱਖ ਕਰੋੜ ਰੁਪਏ ਦੇ ਵਿਸ਼ੇਸ਼ ਪੈਕੇਜ ਦੀ ਘੋਸ਼ਣਾ ਕੀਤੀ।