ਨਵੀਂ ਦਿੱਲੀਂ : ਸਰਚ ਇੰਜਣ ਕੰਪਨੀ ਗੂਗਲ ਆਪਣੀ 'ਗੂਗਲ ਮੈਪ' ਸੇਵਾ ਉੱਤੇ ਦੇਸ਼ ਭਰ ਵਿੱਚ ਚਲਾਏ ਜਾ ਰਹੇ ਰੈਣ ਬਸੇਰਿਆਂ ਅਤੇ ਭੋਜਨ ਕੈਂਪ ਕੇਂਦਰਾਂ ਦੀ ਜਾਣਕਾਰੀ ਦੇਵੇਗੀ। ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਦੇ ਲਈ ਦੇਸ਼-ਵਿਆਪੀ ਲਾਕਡਾਊਨ ਦੌਰਾਨ ਇਸ ਨਾਲ ਲੋਕਾਂ ਨੂੰ ਜ਼ਰੂਰੀ ਵਸਤੂਆਂ ਅਤੇ ਸੇਵਾਵਾਂ ਤੱਕ ਪਹੁੰਚਾਉਣ ਵਿੱਚ ਸੌਖ ਹੋਵੇਗੀ।
ਗੂਗਲ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਖਾਣ ਅਤੇ ਰਹਿਣ ਬਸੇਰਿਆਂ ਨੂੰ ਗੂਗਲ ਮੈਪ ਉੱਤੇ ਦਿਖਾਉਣ ਦੇ ਲਈ ਉਹ ਕੇਂਦਰ ਅਤੇ ਸੂਬਾ ਸਰਕਾਰਾਂ ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ।
ਕੰਪਨੀ ਨੇ ਕਿਹਾ ਕਿ ਦੇਸ਼ ਦੇ 30 ਸ਼ਹਿਰਾਂ ਵਿੱਚ ਲੋਕ ਗੂਗਲ ਮੈਪ, ਗੂਗਲ ਸਰਚ ਅਤੇ ਗੂਗਲ ਅਸਿਸਟੈਂਟ ਦੀ ਵਰਤੋਂ ਇੰਨ੍ਹਾਂ ਥਾਵਾਂ ਦੀ ਜਾਣਕਾਰੀ ਲੈ ਸਕਦੇ ਹਨ।
ਇੰਨ੍ਹਾਂ ਥਾਵਾਂ ਦੀ ਜਾਣਕਾਰੀ ਪਾਉਣ ਦੇ ਲਈ ਲੋਕਾਂ ਨੂੰ ਇੰਨ੍ਹਾਂ ਵਿੱਚੋਂ ਕਿਸੇ ਵੀ ਸੇਵਾ ਦੇ ਪੇਜ਼ ਉੱਤੇ ਜਾ ਕੇ ਸਰਚ ਵਿੱਚ ਫ਼ੂਡ ਸ਼ੈਲਟਰ (ਭੋਜਨ ਵਿਤਰਣ ਕੈਂਪ) ਜਾਂ ਨਾਇਟ ਸ਼ੈਲਟਰ ਅਤੇ ਸ਼ਹਿਰ ਦਾ ਨਾਂਅ ਲਿਖਣਾ ਹੋਵੇਗਾ।
ਇਹ ਸੇਵਾ ਹਿੰਦੀ ਵਿੱਚ ਵੀ ਉਪਲੱਭਧ ਹੋਵੇਗੀ। ਕੰਪਨੀ ਨੇ ਕਿਹਾ ਕਿ ਹੋਰ ਭਾਰਤੀ ਭਾਸ਼ਾਵਾਂ ਵਿੱਚ ਵੀ ਇਸ ਨੂੰ ਉਪਲੱਭਧ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਗੂਗਲ ਇੰਡੀਆ ਦੇ ਸੀਨੀਅਰ ਪ੍ਰੋਗਰਾਮ ਮੈਨੇਜਰ ਅਨਲ ਘੋਸ਼ ਨੇ ਕਿਹਾ ਕਿ ਕੋਵਿਡ-19 ਨਾਲ ਪੈਦਾ ਹੋਈਆਂ ਸਥਿਤੀਆਂ ਨੂੰ ਦੇਖਦੇ ਹੋਏ ਅਸੀਂ ਅਜਿਹੇ ਹੱਲ ਪੇਸ਼ ਕਰਨ ਵਿੱਚ ਲਗਾਤਾਰ ਲੱਗੇ ਹਾਂ ਜਿੰਨ੍ਹਾਂ ਵਿੱਚ ਇਸ ਸਮੇਂ ਆਮ ਲੋਕਾਂ ਨੂੰ ਮਦਦ ਮਿਲ ਸਕੇ।
(ਪੀਟੀਆਈ)