ਅੰਮ੍ਰਿਤਸਰ: ਵਿਜੀਲੈਂਸ ਬਿਊਰੋ ਪੰਜਾਬ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਇੱਕ ਪਟਵਾਰੀ ਨੂੰ 30 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਗਿਆ ਹੈ। ਮਾਮਲਾ ਇਹ ਹੈ ਕਿ ਸ਼ਿਕਾਇਤਕਰਤਾ ਜਸਵੰਤ ਸਿੰਘ ਨੇ ਆਪਣੀ ਮਾਤਾ ਦੀ ਮੌਤ ਤੋਂ ਬਾਅਦ 10 ਮਰਲੇ ਦੇ ਪਲਾਟ ਦਾ ਵਿਰਾਸਤੇ ਇੰਤਕਾਲ ਕਰਾਉਣ ਲਈ ਪਟਵਾਰੀ ਨੂੰ ਦਰਖ਼ਾਸਤ ਦਿੱਤੀ ਸੀ ਪਰ ਪਟਵਾਰੀ ਰਵਿੰਦਰ ਸਿੰਘ ਨੇ ਸਰਕਾਰੀ ਤੌਰ 'ਤੇ ਮੁਫ਼ਤ ਇਸ ਕੰਮ ਦੇ ਤੀਹ ਹਜਾਰ ਰੁਪਏ ਰਿਸ਼ਵਤ ਦੇ ਤੌਰ 'ਤੇ ਮੰਗੇ। ਜਿਸ ਤੋਂ ਬਾਅਦ ਜਸਵੰਤ ਸਿੰਘ ਨੇ ਇਸਦੀ ਸ਼ਿਕਾਇਤ ਵਿਜੀਲੈਂਸ ਨੂੰ ਕਰ ਦਿੱਤੀ। ਵਿਜੀਲੈਂਸ ਵਿਭਾਗ ਨੇ ਸ਼ਿਕਾਇਤ ਦੇ ਅਧਾਰ 'ਤੇ ਪਟਵਾਰੀ ਨੂੰ ਰੰਗੀ ਹੱਥੀ ਕਾਬੂ ਕਰ ਲਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਡੀਐੱਸਪੀ ਤੇਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਬਾਬਾ ਬਕਾਲਾ ਦੇ ਪਿੰਡ ਦੋਲੋ ਨੰਗਲ ਵਿੱਚ ਤੈਨਾਤ ਪਟਵਾਰੀ ਰਵਿੰਦਰ ਸਿੰਘ ਨੂੰ ਸ਼ਿਕਾਇਤਕਰਤਾ ਜਸਵੰਤ ਸਿੰਘ ਦੀ ਸ਼ਿਕਾਇਤ ਤੇ ਪਟਵਾਰੀ ਨੂੰ 20 ਹਾਜਰ ਪੇਸ਼ਗੀ ਰਿਸ਼ਵਤ ਦੇ ਪੈਸਿਆਂ ਨਾਲ ਰੰਗੇ ਹੱਥੀਂ ਗਿਰਫ਼ਤਾਰ ਕੀਤਾ ਗਿਆ ਹੈ। ਵਿਜੀਲੈਂਸ ਅਧਿਕਾਰੀ ਦਾ ਕਹਿਣਾ ਹੈ ਕਿ ਪਟਵਾਰੀ ਰਵਿੰਦਰ ਸਿੰਘ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਹੈ।