ਚੰਡੀਗੜ੍ਹ: ਸੰਗਰੂਰ ਦੇ ਪਿੰਡ ਭਗਵਾਨੁਪਰਾ 'ਚ 150 ਫੁੱਟ ਡੁੰਗੇ ਬੋਰਵੈੱਲ 'ਚ ਡਿੱਗੇ ਦੇ 2 ਸਾਲਾ ਬੱਚੇ ਫ਼ਤਿਹਵੀਰ ਨੂੰ ਬਚਾਉਣ ਲਈ ਪੁਰਾ ਪੰਜਾਬ 5 ਦਿਨਾਂ ਤੋਂ ਅਰਦਾਸਾਂ ਕਰ ਰਿਹਾ ਹੈ।
5 ਦਿਨ ਬੀਤ ਜਾਣ ਮਗਰੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੀਂਦ ਤੋਂ ਜਾਗੇ ਅਤੇ ਉਨ੍ਹਾਂ ਇਸ ਮਾਮਲੇ ਸਬੰਧੀ ਟਵੀਟ ਕੀਤਾ ਹੈ। ਕੈਪਟਨ ਨੇ ਟਵੀਟ ਕਰ ਲਿਖਿਆ ਕਿ ਉਨ੍ਹਾਂ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਸੂਬੇ ਵਿੱਚ ਇਸ ਤਰ੍ਹਾਂ ਦੇ ਖੁੱਲ੍ਹੇ ਬੋਰਵੈੱਲ ਨਹੀਂ ਹੋਣੇ ਚਾਹੀਦੇ। ਇਸ ਤੋਂ ਇਲਾਵਾ ਉਨ੍ਹਾਂ ਆਮ ਲੋਕਾਂ ਲਈ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਤਾਂ ਜੋ ਉਹ ਇਸ ਬਾਰੇ ਪ੍ਰਸ਼ਾਸਨ ਨੂੰ ਜਾਣੂ ਕਰਵਾ ਸਕਣ।
ਫ਼ਤਿਹਵੀਰ ਨੂੰ ਬਚਾਉਣ ਵਿੱਚ ਹੋ ਰਹੀ ਦੇਰੀ ਨੂੰ ਲੈ ਕੇ ਜਿੱਥੇ ਆਮ ਲੋਕਾਂ ਵੱਲੋਂ ਕੈਪਟਨ ਦਾ ਵਿਰੋਧ ਹੋ ਰਿਹਾ ਹੈ, ਉੱਥੇ ਹੀ ਵਿਰੋਧੀ ਪਾਰਟੀਆਂ ਨੇ ਵੀ ਸੂਬਾ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਇਸ ਮਾਮਲੇ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਟਵੀਟ ਕਰਦਿਆਂ ਫ਼ਤਿਹਵੀਰ ਦੀ ਸਲਾਮਤੀ ਲਈ ਅਰਦਾਸ ਕੀਤੀ ਅਤੇ ਕਿਹਾ ਕਿ ਸੂਬਾ ਸਰਕਾਰ ਅਤੇ ਕੈਪਟਨ ਅਮਰਿੰਦਰ ਨੇ ਫ਼ਤਿਹਵੀਰ ਦੇ ਪਰਿਵਾਰ ਨੂੰ ਨਿਰਾਸ਼ ਕੀਤਾ ਹੈ।
ਉੱਥੇ ਹੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨਾ ਸਾਧਦੇ ਕਿਹਾ ਕਿ ਇਸ ਮਾਮਲੇ 'ਤੇ ਤੁਸੀਂ 4 ਦਿਨਾਂ ਬਾਅਦ ਕਿਉਂ ਟਵੀਟ ਕਰ ਰਹੇ ਹੋ ਅਤੇ ਹਿਮਾਚਲ 'ਚ ਛੁੱਟੀਆਂ ਕਿਉਂ ਮਨਾਉਣ ਗਏ ਹੋ।