ਨਵੀਂ ਦਿੱਲੀ: ਲੋਕ ਸਭਾ ਚੋਣਾਂ ਹਾਰਨ ਤੋਂ ਬਾਅਦ ਰਾਹੁਲ ਗਾਂਧੀ ਅਸਤੀਫ਼ਾ ਦੇਣ ਲਈ ਅੜੇ ਹੋਏ ਹਨ। ਕਾਂਗਰਸ ਦੇ ਦੋ ਸੀਨੀਅਰ ਆਗੂ ਕੇ.ਸੀ ਵੇਨੂਗੋਪਾਲ ਅਤੇ ਅਹਿਮਦ ਪਟੇਲ ਨੇ ਰਾਹੁਲ ਨੂੰ ਮਨਾਉਣ ਦੀ ਭਰਪੂਰ ਕੋਸ਼ਿਸ਼ ਕੀਤੀ ਪਰ ਰਾਹੁਲ ਗਾਂਧੀ ਨੇ ਉਨ੍ਹਾਂ ਦੀ ਸਿਫ਼ਾਰਿਸ਼ ਨੂੰ ਨਹੀਂ ਮੰਨਿਆ। ਰਾਹੁਲ ਗਾਂਧੀ ਹੁਣ ਪਾਰਟੀ ਮੁਖੀ ਦੇ ਤੌਰ 'ਤੇ ਨਹੀਂ ਸਗੋਂ ਵਰਕਰ ਦੇ ਤੌਰ 'ਤੇ ਕੰਮ ਕਰਨਾ ਚਾਹੁੰਦੇ ਹਨ।
ਹੁਣ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ ਕਾਂਗਰਸ ਚਾਰ ਦਿਨਾਂ 'ਚ ਵਰਕਿੰਗ ਕਮੇਟੀ ਦੀ ਮੀਟਿੰਗ ਬੁਲਾਉਣ ਦੀ ਤਿਆਰੀ ਕਰ ਰਹੀ ਹੈ। ਇਸ ਮੀਟਿੰਗ ਵਿੱਚ ਰਾਹੁਲ ਗਾਂਧੀ ਦੀ ਥਾਂ ਪਾਰਟੀ ਮੁਖੀ ਲਈ ਕਿਸੇ ਹੋਰ ਦੇ ਨਾਂਅ 'ਤੇ ਚਰਚਾ ਹੋ ਸਕਦੀ ਹੈ। ਸੂਤਰਾਂ ਮੁਤਾਬਿਕ ਇਸ ਮੀਟਿੰਗ ਵਿੱਚ ਰਾਹੁਲ ਗਾਂਧੀ ਨੂੰ ਆਖ਼ਰੀ ਵਾਰ ਮਨਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਫ਼ਿਲਹਾਲ ਨਵੇਂ ਪਾਰਟੀ ਪ੍ਰਧਾਨ ਲਈ ਕਿਸ ਦੇ ਨਾਂ ਦੀ ਚਰਚਾ ਹੋਵੇਗੀ, ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ।