ਚੰਡੀਗੜ੍ਹ: ਪੇਂਡੂ ਅਤੇ ਪੰਚਾਇਤੀ ਵਿਕਾਸ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਸੂਬੇ ਦੇ ਪਿੰਡਾਂ 'ਚ 15 ਦਿਨ ਦੇ ਅੰਦਰ ਸਾਰੇ ਤਲਾਬਾਂ ਨੂੰ ਸਾਫ਼ ਕਰਨ ਲਈ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਕੰਮ ਸੌਂਪ ਦਿੱਤਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਵੀਡੀਓ ਕਾਨਫ਼ਰੰਸ ਦੌਰਾਨ ਇਹ ਹਿਦਾਇਤ ਕੀਤੀ ਕਿ ਸੂਬੇ ਦੇ ਸਾਰੇ ਤਾਲਾਬਾਂ ਨੂੰ ਸਾਫ਼ ਕਰਵਾਇਆ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 'ਤੰਦਰੁਸਤ ਪੰਜਾਬ ਮਿਸ਼ਨ' ਦੇ ਤਹਿਤ ਸੂਬੇ 'ਚ ਸਫ਼ਾਈ ਦੀ ਗਤੀ ਨੂੰ ਹੋਰ ਤੇਜ਼ ਕਰਨ ਲਈ ਅਜਿਹਾ ਕਰਨ ਲਈ ਕਿਹਾ ਹੈ।
ਪੰਚਾਇਤੀ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਪਿੰਡਾਂ ਦੇ ਤਲਾਬ ਪਿੰਡ ਦੇ ਵਿਕਾਸ 'ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦੇ ਦੌਰਾਨ ਪਹਿਲੇ ਤਲਾਬ ਦਾ ਸਾਰਾ ਪਾਣੀ ਬਾਹਰ ਕੱਢ ਦਿੱਤਾ ਜਾਵੇਗਾ ਅਤੇ ਉਸ ਤੋਂ ਬਾਅਦ ਪੂਰੇ ਤਾਲਾਬ ਦੀ ਸਫ਼ਾਈ ਕੀਤੀ ਜਾਵੇਗੀ। ਬਾਜਵਾ ਨੇ ਕਿਹਾ ਕਿ ਤਾਲਾਬਾਂ ਦੀ ਸਫ਼ਾਈ ਕਰਵਾਉਣ ਲਈ ਸਿਰਫ਼ 20 ਦਿਨਾਂ ਦਾ ਸਮਾਂ ਬਚਿਆ ਹੈ ਕਿਉਂਕਿ ਬਾਰਿਸ਼ ਦਾ ਸੀਜ਼ਨ ਆਉਣ ਨਾਲ ਤਾਲਾਬ ਪਾਣੀ ਨਾਲ ਭਰ ਜਾਣਗੇ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਉਹ ਰੋਜ਼ਾਨਾਂ ਸ਼ਾਮ ਨੂੰ ਸਫ਼ਾਈ ਦੀ ਪ੍ਰਗਤੀ ਦਾ ਨਿੱਜੀ ਤੌਰ 'ਤੇ ਨਿਰੀਖਣ ਕਰਨਗੇ ਅਤੇ ਮੁੱਖ ਮੰਤਰੀ ਵੀ ਹਰ ਤੀਜੇ ਦਿਨ ਇਸ ਸਬੰਧੀ ਨਿਗਰਾਨੀ ਕਰਨਗੇ।