ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸੋਮਵਾਰ 13 ਮਈ ਤੋਂ 17 ਮਈ ਤੱਕ ਪੰਜਾਬ ‘ਚ ਡੇਰਾ ਲਗਾ ਰਹੇ ਹਨ। ਮੁੱਖ ਮੰਤਰੀ ਕੇਜਰੀਵਾਲ ਤੋਂ ਇਲਾਵਾ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸਮੇਤ ਦਰਜਨਾਂ ਦੇ ਕਰੀਬ ਸੀਨੀਅਰ ਆਗੂ ਪੰਜਾਬ ਦੇ ਵੱਖ-ਵੱਖ ਲੋਕ ਸਭਾ ਹਲਕਿਆਂ ‘ਚ ਚੋਣ ਮੁਹਿੰਮ ਨੂੰ ਤਿੱਖਾ ਕਰਨਗੇ।
ਸੰਗਰੂਰ ਤੋਂ 'ਆਪ' ਉਮੀਦਵਾਰ ਭਗਵੰਤ ਮਾਨ ਅਤੇ ਵਿਧਾਇਕ ਅਮਨ ਅਰੋੜਾ ਨੇ ਐਤਵਾਰ ਨੂੰ ਪਾਰਟੀ ਹੈੱਡ ਕੁਆਟਰ ਤੋਂ ਜਾਰੀ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਅਰਵਿੰਦ ਕੇਜਰੀਵਾਲ 13 ਮਈ ਨੂੰ ਸੰਗਰੂਰ ਲੋਕ ਸਭਾ ਹਲਕੇ ਦੇ ਖਨੌਰੀ ਕਸਬੇ ਤੋਂ ਪੰਜਾਬ ‘ਚ ਆਉਣਗੇ। ਉਨ੍ਹਾਂ ਦੱਸਿਆ ਕਿ ਕੇਜਰੀਵਾਲ ਖਨੌਰੀ, ਲਹਿਰਾਗਾਗਾ, ਸੁਨਾਮ, ਚੀਮਾ, ਲੌਂਗੋਵਾਲ, ਢਿੱਲਵਾਂ ਅਤੇ ਬਰਨਾਲਾ ਤੱਕ ਰੋਡ ਸ਼ੋਅ ਕਰਦੇ ਹੋਏ ਚੋਣ ਜਲਸਿਆਂ ਨੂੰ ਸੰਬੋਧਿਤਕਰਨਗੇ।
14 ਮਈ ਨੂੰ ਬਰਨਾਲਾ, ਸੰਘੇੜਾ, ਸ਼ੇਰਪੁਰ, ਧੂਰੀ ਅਤੇ ਸੰਗਰੂਰ ਤੱਕ ਰੋਡ ਸ਼ੋਅ ਕਰਨਗੇ ਤੇ ਭਵਾਨੀਗੜ੍ਹ, ਦਿੜਬਾ ਅਤੇ ਸੁਨਾਮ ‘ਚ ਚੋਣ ਰੈਲੀ ਨੂੰ ਸੰਬੋਧਨ ਕਰਨਗੇ। ਕੇਜਰੀਵਾਲ 15 ਮਈ ਨੂੰ ਬਠਿੰਡਾ ਲੋਕ ਸਭਾ ਹਲਕੇ ਦੇ ਪਹਿਲੇ ਪਿੰਡ ਢੈਪਈ ਤੋਂ ਲੈਕੇ ਭੀਖੀ-ਬੋੜਾਵਾਲ, ਗੁਰਨੇਕਲਾ-ਬੁਢਲਾਡਾ, ਫਫੜੇ ਭਾਈ ਕੇ, ਮਾਨਸਾ ਅਤੇ ਫਿਰ ਮੌੜ, ਕਮਾਲੂ, ਢਿੰਗਰਾ, ਖਪੁਰਾ, ਤਲਵੰਡੀ, ਲਾਲੇਆਣਾ ਤੱਕ ਰੋਡ ਸ਼ੋਅ ਕਰਨਗੇ।
16 ਮਈ ਨੂੰ ਫਰੀਦਕੋਟ ਲੋਕ ਸਭਾ ਹਲਕੇ ਦੇ ਜੈਤੋ, ਕੋਟਕਪੂਰਾ, ਫਰੀਦਕੋਟ, ਮੁੱਦਕੀ, ਬਾਘਾਪੁਰਾਣਾ ਅਤੇ ਫਿਰ ਨਿਹਾਲ ਸਿੰਘ ਵਾਲਾ, ਫੂਲੋਵਾਲੀ ਪੁਲ, ਚੜਿੱਕ, ਬੁੱਧ ਸਿੰਘ ਵਾਲਾ ਤੋਂ ਮੋਗਾ ਤੱਕ ਰੋਡ ਸ਼ੋਅ ਕਰਦਿਆਂ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ। 17 ਮਈ ਨੂੰ ਪਟਿਆਲਾ ਲੋਕ ਸਭਾ ਹਲਕੇ ‘ਚ ਨਾਭਾ, ਪਟਿਆਲਾ,ਰਾਜਪੁਰਾ ਤੋਂ ਜ਼ੀਰਕਪੁਰ ਤੱਕ ਰੋਡ ਸ਼ੋਅ ਕਰਨਗੇ।
ਭਗਵੰਤ ਮਾਨ ਅਤੇ ਅਮਨ ਅਰੋੜਾ ਨੇ ਦੱਸਿਆ ਕਿ ਕੇਜਰੀਵਾਲ ਤੋਂ ਅਲਾਵਾ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਸਤਿੰਦਰ ਜੈਨ, ਕੈਬਨਿਟ ਮੰਤਰੀ ਗੋਪਾਲ ਰਾਏ, ਰਜਿੰਦਰਪਾਲ ਗੁਪਤਾ, ਡਿਪਟੀ ਸਪੀਕਰ ਰਾਖੀ ਬਿੜਲਾ, ਆਤਿਸ਼ੀ ਸਮੇਤ ਕਈ ਹੋਰ ਸੀਨੀਅਰ ਆਗੂ ਪੰਜਾਬ ‘ਚ ਪ੍ਰਚਾਰ ਕਰਨਗੇ।