ਚੰਡੀਗੜ੍ਹ: ਸ਼੍ਰੋਮਣੀ ਆਕਾਲੀ ਦਲ ਦੇ ਜਨਰਲ ਸਕੱਤਰ ਤੇ ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਾਂਗਰਸੀ ਸਾਂਸਦ ਮਨੀਸ਼ ਤਿਵਾੜੀ ਦੇ ਚੋਣ ਖਰਚਿਆਂ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ। ਚੰਦੂਮਾਜਰਾ ਦਾ ਦੋਸ਼ ਹੈ ਕਿ ਮਨੀਸ਼ ਤਿਵਾੜੀ ਵੱਲੋਂ ਜਮ੍ਹਾਂ ਕਰਵਾਏ ਚੋਣ ਖਰਚੇ ਮਿਆਦ ਤੋਂ ਜ਼ਿਆਦਾ ਹਨ। ਚੰਦੂਮਾਜਰਾ ਨੇ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਪਾਰਲੀਮੈਂਟ ਦੀ ਚੋਣ ਲੜ ਰਹੇ ਹਰ ਉਮੀਦਵਾਰ ਲਈ 70 ਲੱਖ ਰੁਪਏ ਚੋਣ ਖਰਚਿਆਂ ਦੀ ਮਿਆਦ ਨਿਰਧਾਰਤ ਕੀਤੀ ਗਈ ਹੈ ਪਰ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਸੰਸਦ ਮੈਂਬਰ ਤਿਵਾੜੀ ਨੇ ਤਕਰੀਬਨ 90 ਲੱਖ ਤੋਂ ਵੀ ਵਧੇਰੇ ਚੋਣ ਖਰਚੇ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਇਹਨਾਂ ਖਰਚਿਆਂ ‘ਚ ਫੇਰਬਦਲ ਕਰਨ ਲਈ ਸਰਕਾਰ ਨਵੇਂ ਸਿਰੇ ਤੋਂ ਰਜਿਸਟਰ ਤਿਆਰ ਕਰਕੇ ਚੋਣ ਖਰਚ ਨੂੰ 70 ਲੱਖ ਰੁਪਏ ਕਰਕੇ ਮੁੱਖ ਚੋਣ ਕਮਿਸ਼ਨ ਨੂੰ ਭੇਜਣ ਲਈ ਰਿਕਾਰਡ ਤਿਆਰ ਕਰ ਰਿਹਾ ਹੈ। ਚੰਦੂਮਾਜਰਾ ਨੇ ਇਸ ਸਬੰਧੀ ਲਿਖਤੀ ਸ਼ਿਕਾਇਤ ਮੁੱਖ ਚੋਣ ਅਫ਼ਸਰ ਨੂੰ ਵੀ ਦਿੱਤੀ ਹੈ। ਚੰਦੂਮਾਜਰਾ ਨੇ ਇਸਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।