ਇਸ ਸਾਲ ਇਸ ਕਤਲੋਗਾਰਤ ਨੂੰ 100 ਸਾਲ ਪੂਰੇ ਹੋ ਰਹੇ ਹਨ। ਇਸ ਸਬੰਧੀ ਸਰਕਾਰ ਤੇ ਵੱਖ-ਵੱਖ ਜੱਥੇਬੰਦੀਆਂ ਵੱਲੋਂ ਸ਼ਤਾਬਦੀ ਸਮਾਗਮਾ ਦਾ ਪ੍ਰਬੰਧ ਕਰਕੇ ਨਾ ਸਿਰਫ ਸ਼ਹੀਦਾਂ ਨੂੰ ਨਮਨ ਕੀਤਾ ਜਾ ਰਿਹੈ, ਸਗੋਂ ਉਸ ਵੇਲੇ ਦੀ ਬਰਤਾਨਵੀ ਹਕੂਮਤ ਵੱਲੋਂ ਭਾਰਤ ਦੀ ਅਜ਼ਾਦੀ ਮੁਹਿੰਮ ਨੂੰ ਦਰੜਨ ਲਈ ਕਰੂਰਤਾ ਦੀਆਂ ਪਾਰ ਕੀਤੀਆਂ ਹੱਦਾਂ ਤੋਂ ਵੀ ਅੱਜ ਦੀ ਪੀੜ੍ਹੀ ਨੂੰ ਵਾਕਫ਼ ਕਰਵਾਇਆ ਜਾ ਰਿਹੈ।
ਕੀ ਹੈ ਇਤਿਹਾਸ
ਪਹਿਲੇ ਵਿਸ਼ਵ ਯੁੱਧ ਸਮੇਂ ਅੰਗਰੇਜ਼ਾਂ ਨੇ ਭਾਰਤੀਆਂ ਨੂੰ ਭਰੋਸਾ ਦਵਾਇਆ ਸੀ ਕਿ ਜੇਕਰ ਉਹ ਬ੍ਰਿਟਿਸ਼ ਫੌਜ ਦੀ ਮਦਦ ਕਰਦੇ ਹਨ ਤਾਂ ਯੁੱਧ ਖਤਮ ਹੋਣ ਤੋਂ ਬਾਅਦ ਭਾਰਤ ਨੂੰ ਅਜ਼ਾਦ ਕਰ ਦਿੱਤਾ ਜਾਵੇਗਾ। ਪਰ 1918 'ਚ ਯੁੱਧ ਦੀ ਸਮਾਪਤੀ ਮਗਰੋਂ ਅੰਗਰੇ ਆਪਣੀ ਫ਼ਿਤਰਤ ਮੁਤਾਬਕ ਜ਼ੁਬਾਨ ਤੋਂ ਪਲਟ ਗਏ।
ਆਜ਼ਾਦੀ ਦੀ ਥਾਂ 'ਤੇ ਅੰਗਰੇਜ਼ਾਂ ਨੇ ਭਾਰਤੀਆਂ ਨੂੰ ਦਿੱਤਾ 'ਰੋਲਟ ਐਕਟ', ਜਿਸਦਾ ਸਿੱਧਾ ਸਿੱਧਾ ਮਕਸੱਦ ਅਜ਼ਾਦੀ ਸੰਘਰਸ਼ ਨੂੰ ਦਬਾਉਣਾ ਸੀ।
ਰੋਲਟ ਐਕਟ ਦੀਆਂ ਧਾਰਾਂਵਾ ਤਹਿਤ ਕਿਸੇ ਵੀ ਵਿਅਕਤੀ ਨੂੰ ਬਿਨਾਂ ਕਾਰਨ ਦੱਸੇ 2 ਸਾਲ ਤੱਕ ਨਜ਼ਰਬੰਦ ਕੀਤਾ ਜਾ ਸਕਦਾ ਸੀ ਅਤੇ ਇਸ ਸਬੰਧੀ ਅਪੀਲ ਵੀ ਸੰਭਵ ਨਹੀਂ ਸੀ।
ਅੰਗਰੇਜ਼ੀ ਹਕੂਮਤ ਵੱਲੋਂ ਮਾਰਚ 1919 ਵਿੱਚ ਪਾਸ ਕੀਤੇ ਇਸ ਐਕਟ ਦਾ ਮੁਲਕ ਭਰ 'ਚ ਵਿਰੋਧ ਹੋਇਆ। ਅੰਮ੍ਰਿਤਸਰ ਵਿੱਚ ਇਸ ਵਿਰੋਧ ਅੰਦੋਲਨ ਦੀ ਅਗਵਾਈ ਕਰ ਰਹੇ ਡਾ. ਸੈਫ਼ੂਦੀਨ ਕਿਚਲੂ ਅਤੇ ਡਾ. ਸਤਪਾਲ ਨੂੰ 10 ਅਪ੍ਰੈਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।13 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਲੋਕ ਜਲ੍ਹਿਆਂਵਾਲਾ ਬਾਗ ਵਿੱਚ ਗੋਰੀ ਹਕੂਮਤ ਖਿਲਾਫ ਸ਼ਾਂਤੀਪੂਰਵਕ ਜਲਸਾ ਕਰ ਰਹੇ ਸਨ ਜਦੋਂ ਜਨਰਲ ਡਾਇਰ ਨੇ ਬਿਨਾਂ ਕਿਸੇ ਚਿਤਾਵਨੀ ਦੇ ਹੀ ਗੋਲੀਆਂ ਚਲਾਉਣ ਦਾ ਹੁਕਮ ਦੇ ਦਿੱਤਾ।
ਜਲ੍ਹਿਆਂਵਾਲਾ ਬਾਗ ਅੰਦਰ ਦਾਖਲ ਹੋਣ ਦਾ ਇੱਕੋ ਛੋਟਾ ਜਿਹਾ ਰਾਹ ਸੀ ਜਿਸ ਨੂੰ ਫੌਜ ਰੋਕ ਕੇ ਖੜੀ ਸੀ, ਅੰਨ੍ਹੇਵਾਹ ਚਲੀਆਂ ਗੋਲੀਆਂ ਨੇ ਨਿਹੱਥੇ ਲੋਕਾਂ, ਔਰਤਾਂ, ਬੱਚਿਆਂ ਤੇ ਬਜ਼ੁਰਗਾਂ ਨੂੰ ਛੱਲੀ ਕਰ ਦਿੱਤਾ। ਇਸ ਭਜਦੌੜ 'ਚ ਕਈਆਂ ਨੇ ਬਾਗ ਦੀਆਂ ਕੰਧਾਂ ਟੱਪਣ ਦੀ ਨਾਕਾਮ ਕੋਸ਼ਿਸ਼ ਕੀਤੀ ਤੇ ਕਈਆਂ ਨੇ ਖੂਹ 'ਚ ਛਾਲ ਮਾਰ ਦਿੱਤੀ।
ਜਲ੍ਹਿਆਂਵਾਲਾ ਬਾਗ ਦੀਆਂ ਕੰਧਾਂ 'ਤੇ ਗੋਲੀਆਂ ਦੇ ਨਿਸ਼ਾਨ ਅੱਜ ਵੀ ਮੌਜੂਦ ਹਨ, ਉਥੇ ਮੌਜੂਦ ਖੂਹ ਲਾਸ਼ਾਂ ਨਾਲ ਭਰ ਗਿਆ ਸੀ। ਉਸ ਵੇਲੇ ਦੇ ਸਰਕਾਰੀ ਅੰਕੜਿਆਂ ਮੁਤਾਬਕ 389 (ਤਿੰਨ ਸੌ ਉਨਾਨਵੇਂ) ਲੋਕ ਮਾਰੇ ਗਏ ਸਨ ਪਰ ਅਸਲ 'ਚ ਮਰਨ ਵਾਲਿਆਂ ਦੀ ਗਿਣਤੀ ਹਜ਼ਾਰ ਤੋਂ ਵੀ ਵੱਧ ਸੀ।
ਇਸ ਖੂਨੀ ਸਾਕੇ ਨੂੰ 100 ਸਾਲ ਪੂਰੇ ਹੋਣ 'ਤੇ ਬਰਤਾਨੀਆ ਦੀ ਪ੍ਰਧਾਨ ਮੰਤਰੀ ਥੈਰੇਸਾ ਮੇ ਨੇ ਬ੍ਰਿਟਿਸ਼ ਸੰਸਦ 'ਚ ਖੜੇ ਹੋ ਕੇ ਇਸਨੂੰ ਬ੍ਰਿਟਿਸ਼ ਇੰਡੀਅਨ ਇਤਿਹਾਸ 'ਤੇ ਸ਼ਰਮਨਾਕ ਧੱਬਾ ਦੱਸਦਿਆਂ ਖੇਦ ਪ੍ਰਗਤ ਕੀਤਾ। ਹਾਲਾਂਕਿ ਅੱਜ ਵੀ ਬਰਤਾਨਵੀ ਸਰਕਾਰ ਇਸ ਅਣਮਨੁੱਖੀ ਕਾਰੇ ਲਈ ਮੁਆਫੀ ਨਹੀਂ ਮੰਗ ਰਹੀ।