ਨਵੀ ਦਿੱਲੀ : ਕੇਂਦਰ ਸਰਕਾਰ ਨੇ ਸਾਫ ਕਰ ਦਿੱਤਾ ਹੈ ਕਿ ਅਗਨੀਪਥ ਯੋਜਨਾ ਵਾਪਸ ਨਹੀਂ ਲਈ ਜਾਵੇਗੀ ਅਤੇ ਯੋਜਨਾ ਤਹਿਤ ਫੌਜ ਵਿੱਚ ਭਰਤੀ ਹੋਣ ਵਾਲੇ ਉਮੀਦਵਾਰਾਂ ਨੂੰ ਇਹ ਸਹੁੰ ਚੁੱਕਣੀ ਪਵੇਗੀ ਕਿ ਉਹ ਕਿਸੇ ਵੀ ਤਰ੍ਹਾਂ ਦੀ ਅੱਗਜ਼ਨੀ ਜਾਂ ਵਿਰੋਧ ਪ੍ਰਦਰਸ਼ਨ ਦਾ ਹਿੱਸਾ ਨਹੀਂ ਬਣੇ ਸਨ। ਏਐਨਆਈ ਦੀ ਖਬਰ ਮੁਤਾਬਕ, ਰੱਖਿਆ ਮੰਤਰਾਲੇ ਦੇ ਵਧੀਕ ਸਕੱਤਰ ਲੈਫਟੀਨੈਂਟ ਜਨਰਲ ਅਨਿਲ ਪਾਂਡੇ ਨੇ ਕਿਹਾ, ਅਨੁਸ਼ਾਸਨ ਭਾਰਤੀ ਫੌਜ ਦੀ ਨੀਂਹ ਹੈ। ਇੱਥੇ ਸਾੜ-ਫੂਕ ਜਾਂ ਵਿਰੋਧ ਦੀ ਕੋਈ ਥਾਂ ਨਹੀਂ ਹੈ। ਉਹਨਾਂ ਕਿਹਾ ਕਿ ਇਸ ਦੇ ਤਹਿਤ ਭਰਤੀ ਹੋਣ ਵਾਲੇ ਸਾਰਿਆਂ ਨੂੰ ਪ੍ਰਮਾਣ ਪੱਤਰ ਦੇਣਾ ਹੋਵੇਗਾ ਕਿ ਉਨ੍ਹਾਂ ਨੇ ਕਿਸੇ ਵੀ ਤਰ੍ਹਾਂ ਦੇ ਵਿਰੋਧ ਜਾਂ ਭੰਨ-ਤੋੜ ਵਿੱਚ ਹਿੱਸਾ ਨਹੀਂ ਲਿਆ। ਇਸ ਦੇ ਲਈ ਪੁਲਿਸ ਤੋਂ ਸੌ ਫੀਸਦੀ ਤਸਦੀਕ ਕਰਵਾਉਣੀ ਜ਼ਰੂਰੀ ਹੋਵੇਗੀ।
ਲੈਫਟੀਨੈਂਟ ਜਨਰਲ ਅਰੁਣ ਪੁਰੀ ਨੇ ਕਿਹਾ ਕਿ ਜੇਕਰ ਕਿਸੇ ਉਮੀਦਵਾਰ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ ਤਾਂ ਉਹ ਫੌਜ 'ਚ ਭਰਤੀ ਨਹੀਂ ਹੋ ਸਕਦਾ। ਉਮੀਦਵਾਰਾਂ ਨੂੰ ਲਿਖਤੀ ਰੂਪ ਵਿੱਚ ਦੇਣ ਲਈ ਕਿਹਾ ਜਾਵੇਗਾ ਕਿ ਉਨ੍ਹਾਂ ਨੇ ਅੱਗਜ਼ਨੀ ਜਾਂ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਨਹੀਂ ਲਿਆ ਹੈ। ਉਨ੍ਹਾਂ ਦੀ ਪੁਲਿਸ ਵੈਰੀਫਿਕੇਸ਼ਨ ਵੀ ਕਰਵਾਈ ਜਾਵੇ।
ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਵੱਲੋਂ ਹਥਿਆਰਬੰਦ ਬਲਾਂ ਵਿੱਚ ਭਰਤੀ ਲਈ ਹਾਲ ਹੀ ਵਿੱਚ ਲਿਆਂਦੀ ਗਈ ‘ਅਗਨੀਪਥ’ ਯੋਜਨ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ। ਬਿਹਾਰ ਵਿੱਚ ਪ੍ਰਦਰਸ਼ਨਕਾਰੀਆਂ ਨੇ ਪਟਨਾ ਜ਼ਿਲ੍ਹੇ ਵਿੱਚ ਪੈਂਦੇ ਤਾਰੇਗਾਨਾ ਰੇਲਵੇ ਸਟੇਸ਼ਨ ਤੇ ਜੀਆਰਪੀ ਦੇ ਇਕ ਵਾਹਨ ਨੂੰ ਅੱਗ ਲਗਾ ਦਿੱਤੀ ਜਦਕਿ ਜਹਾਨਾਬਾਦ ਵਿੱਚ ਹੋਏ ਪਥਰਾਅ ਦੌਰਾਨ ਕਈ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ। ਇੱਥੇ ਅਗਨੀਪਥ ਦੇ ਵਿਰੋਧ ਵਿੱਚ ਬੰਦ ਦਾ ਸੱਦਾ ਦਿੱਤਾ ਗਿਆ ਸੀ।
‘ਅਗਨੀਪਥ’ ਯੋਜਨਾ ਖ਼ਿਲਾਫ਼ ਚੱਲ ਰਹੇ ਪ੍ਰਦਰਸ਼ਨਾਂ ਕਰ ਕੇ ਕੱਲ੍ਹ 369 ਰੇਲ ਗੱਡੀਆਂ ਰੱਦ ਹੋ ਗਈਆਂ। ਰੱਦ ਕੀਤੀਆਂ ਗਈਆਂ ਗੱਡੀਆਂ ਵਿੱਚ 210 ਮੇਲ/ਐਕਸਪ੍ਰੈੱਸ ਅਤੇ 159 ਲੋਕਲ ਯਾਤਰੀ ਰੇਲਾਂ ਸ਼ਾਮਲ ਹਨ। ਰੇਲਵੇ ਵੱਲੋਂ ਦੋ ਹੋਰ ਮੇਲ/ਐਕਸਪ੍ਰੈੱਸ ਰੇਲਾਂ ਅੰਸ਼ਕ ਤੌਰ ’ਤੇ ਰੱਦ ਕੀਤੀਆਂ ਗਈਆਂ, ਇਸ ਤਰ੍ਹਾਂ ਦਿਨ ਭਰ ਵਿੱਚ 371 ਰੇਲਾਂ ਰੱਦ ਹੋਈਆਂ। ਹਜੇ ਵੀ ਕਈ ਥਾਵਾਂ ਤੇ ਵਿਰੋਧ ਅਤੇ ਟਰੇਨਾਂ ਨੂੰ ਰੋਕਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ |
ਇਹ ਵੀ ਪੜ੍ਹੋ : ਆਧਾਰ ਨੰਬਰ ਰਾਹੀਂ ਅੱਗਜ਼ਨੀ ਅਤੇ ਭੰਨਤੋੜ ਕਰਨ ਵਾਲੇ ਕੀਤੇ ਜਾਣਗੇ ਕਾਬੂ