ਸੋਨੀਪਤ: ਸਿੰਘੂ-ਕੁੰਡਲੀ ਸਰਹੱਦ (Singhu-Kundli border) 'ਤੇ ਇੱਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ 35 ਸਾਲਾ ਵਿਅਕਤੀ ਦੀ ਲਾਸ਼ ਨੂੰ ਵੱਢ ਕੇ ਬੈਰੀਕੇਡ ਉੱਤੇ ਲਟਕਾ ਦਿੱਤਾ ਗਿਆ। ਉਸ ਵਿਅਕਤੀ ਦੀ ਲਾਸ਼ ਸਵੇਰੇ ਸਿੰਘੂ ਸਰਹੱਦ 'ਤੇ ਅੰਦੋਲਨਕਾਰੀਆਂ ਦੇ ਮੁੱਖ ਮੰਚ ਦੇ ਕੋਲ ਲਟਕਦੀ ਮਿਲੀ। ਵਿਅਕਤੀ ਦੇ ਸਰੀਰ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਨ ਦੇ ਨਿਸ਼ਾਨ ਹਨ। ਇੱਕ ਹੱਥ ਗੁੱਟ ਤੋਂ ਵੱਢ ਦਿੱਤਾ ਗਿਆ ਹੈ।
ਤਰਨ ਤਾਰਨ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਮ੍ਰਿਤਕ
ਮ੍ਰਿਤਕ ਦੀ ਪਛਾਣ ਲਖਬੀਰ ਸਿੰਘ ਵੱਜੋਂ ਹੋਈ ਹੈ ਜੋ ਕਿ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਚੀਮਾ ਦਾ ਵਸਨੀਕ ਸੀ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦਾ ਕੋਈ ਕਰਿਮਨਲ ਰਿਕਾਰਡ ਨਹੀਂ ਹੈ।
ਇਹ ਵੀ ਪੜੋ: ਜਾਅਲੀ ਨੰਬਰ ਪਲੇਟ ਲਗਾ ਕੇ ਘੁੰਮ ਰਿਹਾ ਸੀ ਇੰਸਪੈਕਟਰ, ਅਸਲ ਮਾਲਕ ਚਲਾਨ ਭਰ-ਭਰ ਹੋਇਆ ਪਰੇਸ਼ਾਨ!
ਸਵੇਰ ਤੋਂ ਹੀ ਅੰਦੋਲਨਕਾਰੀਆਂ ਦੀ ਭੀੜ ਘਟਨਾ ਵਾਲੀ ਥਾਂ 'ਤੇ ਇਕੱਠੀ ਹੋ ਗਈ ਹੈ। ਪੁਲਿਸ ਨੂੰ ਵੀ ਘਟਨਾ ਵਾਲੀ ਥਾਂ ਦੇ ਨੇੜੇ ਨਹੀਂ ਜਾਣ ਦਿੱਤਾ ਜਾ ਰਿਹਾ। ਘਟਨਾ ਵਾਲੀ ਥਾਂ 'ਤੇ ਕਾਫੀ ਹੰਗਾਮਾ ਹੋ ਰਿਹਾ ਹੈ। ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਨਿਹੰਗਾਂ 'ਤੇ ਉਸ ਵਿਅਕਤੀ ਦਾ ਕਤਲ ਕਰਨ ਦੇ ਇਲਜ਼ਾਮ ਲੱਗ ਰਹੇ ਹਨ।
ਇਸ ਮਾਮਲੇ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਨਿਹੰਗ ਸਿੰਘ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਨੇ ਬੇਅਦਬੀ ਦੀਆਂ ਕਈ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਹੈ, ਜਿਸ ਕਾਰਨ ਨਿਹੰਗ ਸਿੰਘਾ ਨੇ ਉਸ ਨੂੰ ਸੋਧਾ ਲਾ ਦਿੱਤਾ ਹੈ। ਉਥੇ ਹੀ ਮੁਲਜ਼ਮ ਦੇ ਮੌਤ ਤੋਂ ਪਹਿਲਾਂ ਦਾ ਵੀ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਮੁਲਜ਼ਮ ਖੁਦ ਮੰਨ ਰਿਹਾ ਹੈ ਕਿ ਉਸ ਨੇ ਬੇਅਦਬੀ ਕੀਤੀ ਹੈ ਜਿਸ ਕਾਰਨ ਉਸ ਨੂੰ ਇਹ ਸਜ਼ਾ ਮਿਲ ਰਹੀ ਹੈ।
ਪੁਲਿਸ ਦਾ ਬਿਆਨ
ਉਥੇ ਹੀ ਮਾਮਲੇ ਵਿੱਚ ਸੋਨੀਪਤ ਦੇ ਡੀਐਸਪੀ ਹੰਸਰਾਜ ਨੇ ਕਿਹਾ ਕਿ ਕੁੰਡਲੀ ਥਾਣੇ ਵਿੱਚ ਇਹ ਖਬਰ ਮਿਲੀ ਸੀ ਕਿ ਚੱਲ ਰਹੇ ਕਿਸਾਨ ਅੰਦੋਲਨ ਦੀ ਸਟੇਜ ਦੇ ਕੋਲ ਇੱਕ ਵਿਅਕਤੀ ਦੇ ਹੱਥ ਅਤੇ ਪੈਰ ਲਟਕੇ ਹੋਏ ਹਨ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲੋਕਾਂ ਤੋਂ ਪੁੱਛਗਿੱਛ ਕੀਤੀ, ਪਰ ਅਜੇ ਕੁਝ ਵੀ ਸਾਹਮਣੇ ਨਹੀਂ ਆਇਆ ਹੈ। ਜਿਸ ਤੋਂ ਮਗਰੋਂ ਪੁਲਿਸ ਨੇ ਅਣਪਛਾਤੇ ਵਿਰੁੱਧ ਐਫਆਈਆਰ ਦਰਜ ਕਰ ਲਈ ਹੈ ਤੇ ਜਾਂਚ ਜਾਰੀ ਹੈ।
ਇਹ ਵੀ ਪੜੋ: ਸਿੰਘੂ ਸਰਹੱਦ ’ਤੇ ਕਤਲ ਮਾਮਲਾ: ਨਿਹੰਗ ਸਿੰਘਾਂ ਨੇ ਕਹੀ ਵੱਡੀ ਗੱਲ, ਦੇਖੋ ਵੀਡੀਓ
ਸੰਯੁਕਤ ਕਿਸਾਨ ਮੋਰਚੇ ਦਾ ਬਿਆਨ
ਇਸ ਸਬੰਧੀ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਘਟਨਾ ਸਥਾਨ 'ਤੇ ਮੌਜੂਦ ਇਕ ਨਿਹੰਗ ਜਥੇਬੰਦੀ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਹੈ ਅਤੇ ਕਿਹਾ ਜਾਂਦਾ ਹੈ ਕਿ ਇਹ ਮਨੁੱਖ ਦੁਆਰਾ ਸਰਬਲੋਹ ਗ੍ਰੰਥ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਇਹ ਘਟਨਾ ਇਸ ਦੇ ਕਾਰਨ ਹੀ ਵਾਪਰੀ। ਦੱਸਿਆ ਗਿਆ ਹੈ ਕਿ ਇਹ ਮ੍ਰਿਤਕ ਪਿਛਲੇ ਕੁਝ ਸਮੇਂ ਤੋਂ ਉਸੇ ਸਮੂਹ ਦੇ ਨਾਲ ਰਹਿ ਰਿਹਾ ਸੀ।
ਇਸ ਬੇਰਹਿਮੀ ਨਾਲ ਹੋਏ ਕਤਲ ਦੀ ਨਿੰਦਾ ਕਰਦਿਆਂ, ਸੰਯੁਕਤ ਕਿਸਾਨ ਮੋਰਚਾ ਇਹ ਸਪੱਸ਼ਟ ਕਰਨਾ ਚਾਹੁੰਦਾ ਹੈ ਕਿ ਇਸ ਘਟਨਾ ਦੇ ਦੋਵੇਂ ਪੱਖ, ਨਿਹੰਗ ਜਥੇਬੰਦੀ ਜਾਂ ਮ੍ਰਿਤਕ ਵਿਅਕਤੀ ਦਾ ਸੰਯੁਕਤ ਕਿਸਾਨ ਮੋਰਚੇ ਨਾਲ ਕੋਈ ਸਬੰਧ ਨਹੀਂ ਹੈ। ਅਸੀਂ ਕਿਸੇ ਵੀ ਧਾਰਮਿਕ ਗ੍ਰੰਥ ਜਾਂ ਚਿੰਨ੍ਹ ਦੀ ਬੇਅਦਬੀ ਦੇ ਵਿਰੁੱਧ ਹਾਂ, ਪਰ ਕਿਸੇ ਵੀ ਵਿਅਕਤੀ ਜਾਂ ਸਮੂਹ ਨੂੰ ਇਸ ਅਧਾਰ ਤੇ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਹੈ। ਅਸੀਂ ਮੰਗ ਕਰਦੇ ਹਾਂ ਕਿ ਕਤਲ ਅਤੇ ਬੇਅਦਬੀ ਦੀ ਸਾਜ਼ਿਸ਼ ਦੇ ਦੋਸ਼ ਦੀ ਜਾਂਚ ਕਰਨ ਤੋਂ ਬਾਅਦ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਜ਼ਾ ਦਿੱਤੀ ਜਾਵੇ। ਸੰਯੁਕਤ ਕਿਸਾਨ ਮੋਰਚਾ ਕਿਸੇ ਵੀ ਕਾਨੂੰਨੀ ਕਾਰਵਾਈ ਵਿੱਚ ਪੁਲਿਸ ਅਤੇ ਪ੍ਰਸ਼ਾਸਨ ਦਾ ਸਾਥ ਦੇਵੇਗਾ।
ਲੋਕਤੰਤਰੀ ਅਤੇ ਸ਼ਾਂਤਮਈ ਢੰਗ ਨਾਲ ਚੱਲ ਰਹੇ ਇਸ ਅੰਦੋਲਨ ਕਿਸੇ ਵੀ ਹਿੰਸਾ ਦਾ ਵਿਰੋਧ ਕਰਦੀ ਹੈ।