ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਵਿਰੋਧੀ ਧਿਰ ਨੇ ਅੱਜ ਲੋਕ ਸਭਾ ਵਿੱਚ ਪ੍ਰਸ਼ਨ ਕਾਲ ਨਹੀਂ ਚੱਲਣ ਦਿੱਤਾ, ਮੈਂ ਇਸ ਕਾਰਵਾਈ ਦੀ ਨਿੰਦਾ ਕਰਦਾ ਹਾਂ। ਸੰਸਦੀ ਮਾਮਲਿਆਂ ਬਾਰੇ ਮੰਤਰੀ ਨੇ ਸਪੱਸ਼ਟ ਕਿਹਾ ਕਿ ਰੱਖਿਆ ਮੰਤਰੀ ਇਸ (ਤਵਾਂਗ ਫੇਸ ਆਫ) 'ਤੇ ਸੰਸਦ 'ਚ ਬਿਆਨ ਦੇਣਗੇ। ਉਨ੍ਹਾਂ ਕਿਹਾ ਕਿ ਮੈਂ ਪ੍ਰਸ਼ਨ ਕਾਲ ਦੀ ਸੂਚੀ ਦੇਖੀ ਅਤੇ ਪ੍ਰਸ਼ਨ ਨੰਬਰ 5 ਦੇਖਣ ਤੋਂ ਬਾਅਦ ਮੈਂ (ਕਾਂਗਰਸ ਦੀ ਚਿੰਤਾ) ਨੂੰ ਸਮਝਿਆ। ਸਵਾਲ ਰਾਜੀਵ ਗਾਂਧੀ ਫਾਊਂਡੇਸ਼ਨ (ਆਰਜੀਐਫ) ਦੇ ਵਿਦੇਸ਼ੀ ਯੋਗਦਾਨ ਰੈਗੂਲੇਸ਼ਨ ਐਕਟ (ਐਫਸੀਆਰਏ) ਲਾਇਸੈਂਸ ਨੂੰ ਰੱਦ ਕਰਨ ਬਾਰੇ ਸੀ।
ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੇ ਇਜਾਜ਼ਤ ਦਿੱਤੀ ਹੁੰਦੀ ਤਾਂ ਮੈਂ ਸੰਸਦ 'ਚ ਜਵਾਬ ਦਿੰਦਾ ਕਿ ਰਾਜੀਵ ਗਾਂਧੀ ਫਾਊਂਡੇਸ਼ਨ ਨੂੰ 2005-2007 ਦੌਰਾਨ ਚੀਨੀ ਦੂਤਾਵਾਸ ਤੋਂ 1.35 ਕਰੋੜ ਰੁਪਏ ਦੀ ਗ੍ਰਾਂਟ ਮਿਲੀ ਸੀ, ਜੋ ਕਿ ਐੱਫ.ਸੀ.ਆਰ.ਏ. ਮੁਤਾਬਕ ਜਾਇਜ਼ ਨਹੀਂ ਸੀ। ਇਸ ਲਈ ਨਿਯਮਾਂ ਮੁਤਾਬਕ ਗ੍ਰਹਿ ਮੰਤਰਾਲੇ ਨੇ ਇਸ ਦੀ ਰਜਿਸਟ੍ਰੇਸ਼ਨ ਰੱਦ ਕਰ ਦਿੱਤੀ ਸੀ। ਸ਼ਾਹ ਨੇ ਕਿਹਾ ਕਿ ਦੁਸ਼ਮਣਾਂ ਨੇ ਇਕ ਇੰਚ ਵੀ ਜ਼ਮੀਨ 'ਤੇ ਕਬਜ਼ਾ ਨਹੀਂ ਕੀਤਾ ਹੈ। ਮੁੱਠਭੇੜ ਦੌਰਾਨ ਜਵਾਨਾਂ ਨੇ ਬਹਾਦਰੀ ਦਿਖਾਈ। ਇਸ ਤੋਂ ਪਹਿਲਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ ਨੂੰ ਚੀਨੀ ਫੌਜ ਨਾਲ ਝੜਪ ਨੂੰ ਲੈ ਕੇ ਅਹਿਮ ਬੈਠਕ ਕੀਤੀ।
ਵਿਦੇਸ਼ ਮੰਤਰੀ, ਐਨਐਸਏ (NSA) ਅਜੀਤ ਡੋਭਾਲ ਅਤੇ ਸੀਡੀਐਸ ਦੇ ਵੀ ਇਸ ਮੀਟਿੰਗ ਵਿੱਚ ਸ਼ਾਮਲ ਹੋਣ ਦੀ ਚਰਚਾ ਹੈ। ਇਸ ਦੇ ਨਾਲ ਹੀ ਇਸ ਵਿੱਚ ਤਿੰਨਾਂ ਫੌਜ ਮੁਖੀਆਂ ਦੇ ਸ਼ਾਮਲ ਹੋਣ ਦੀ ਵੀ ਮੀਡੀਆ ਰਿਪੋਰਟ ਹੈ। ਦੱਸਿਆ ਜਾ ਰਿਹਾ ਹੈ ਕਿ ਬੈਠਕ 'ਚ ਅਸਲ ਕੰਟਰੋਲ ਰੇਖਾ (LAC) 'ਤੇ ਮੌਜੂਦਾ ਸਥਿਤੀ 'ਤੇ ਚਰਚਾ ਕੀਤੀ ਗਈ। ਦੱਸ ਦਈਏ ਕਿ 9 ਦਸੰਬਰ ਨੂੰ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਸੈਕਟਰ 'ਚ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) ਦੇ ਨੇੜੇ ਇਕ ਜਗ੍ਹਾ 'ਤੇ ਭਾਰਤੀ ਅਤੇ ਚੀਨੀ ਸੈਨਿਕਾਂ ਵਿਚਾਲੇ ਝੜਪ ਹੋਈ ਸੀ, ਜਿਸ ਕਾਰਨ ਦੋਹਾਂ ਪਾਸਿਆਂ ਦੇ ਕੁਝ ਫੌਜੀ ਮਾਮੂਲੀ ਜ਼ਖਮੀ ਹੋ ਗਏ ਸਨ। ਮੀਡੀਆ ਰਿਪੋਰਟਾਂ ਮੁਤਾਬਕ 6 ਜਵਾਨਾਂ ਨੂੰ ਗੁਹਾਟੀ ਦੇ ਬੇਸ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ:- ਗਰੀਬ ਕਿਸਾਨ ਦੇ ਪੁੱਤ ਨੇ ਮਿਕਸ ਮਾਰਸ਼ਲ ਆਰਟ ਵਿੱਚ ਗੱਡੇ ਜਿੱਤ ਦੇ ਝੰਡੇ, ਪੰਜਾਬ ਸਰਕਾਰ ਨੂੰ ਪਾਈਆਂ ਲਾਹਣਤਾਂ